ਗਗਨਦੀਪ ਅਰੋੜਾ
ਲੁਧਿਆਣਾ, 17 ਫਰਵਰੀ
ਪੰਜਾਬ ਵਿਧਾਨ ਸਭਾ ਚੋਣਾਂ ਲਈ ਆਖ਼ਰੀ ਪੜਾਅ ਵਿੱਚ ਅੱਜ ਕਾਂਗਰਸ ਦੀ ਜਨਰਲ ਸਕੱਤਰ ਪ੍ਰਿਯੰਕਾ ਗਾਂਧੀ ਚੋਣ ਪ੍ਰਚਾਰ ਕਰਨ ਲਈ ਲੁਧਿਆਣਾ ਆਈ। ਪ੍ਰਿਯੰਕਾ ਗਾਂਧੀ ਨੇ ਲੁਧਿਆਣਾ ਦੇ ਤਿੰਨ ਕਾਂਗਰਸੀ ਉਮੀਦਵਾਰਾਂ ਦੇ ਹੱਕ ਵਿੱਚ ਵੋਟਾਂ ਮੰਗਣ ਲਈ ਰੋਡ ਸ਼ੋਅ ਕੱਢਿਆ। ਪੰਜ ਕਿੱਲੋਮੀਟਰ ਲੰਬੇ ਰੋਡ ਸ਼ੌਅ ਦੌਰਾਨ ਹਜ਼ਾਰਾਂ ਗਿਣਤੀ ਵਿੱਚ ਕਾਂਗਰਸੀ ਵਰਕਰ ਤੇ ਆਮ ਲੋਕ ਪ੍ਰਿਯੰਕਾ ਗਾਂਧੀ ਨੂੰ ਦੇਖਣ ਲਈ ਪੁੱਜੇ। ਪੰਜ ਕਿੱਲੋਮੀਟਰ ਦੇ ਰੋਡ ਸ਼ੋਅ ਲਈ ਪ੍ਰਿਯੰਕਾ ਗਾਂਧੀ ਨੂੰ ਚਾਰ ਘੰਟੇ ਲੱਗ ਗਏ। ਇਸ ਦੌਰਾਨ ਉਨ੍ਹਾਂ ਨੇ ਹਲਕਾ ਉਤਰੀ ਤੋਂ ਕਾਂਗਰਸੀ ਉਮੀਦਵਾਰ ਰਾਕੇਸ਼ ਪਾਂਡੇ, ਹਲਕਾ ਕੇਂਦਰੀ ਤੋਂ ਉਮੀਦਵਾਰ ਸੁਰਿੰਦਰ ਡਾਵਰ ਤੇ ਹਲਕਾ ਪੂਰਬੀ ਤੋੋਂ ਉਮੀਦਵਾਰ ਸੰਜੈ ਤਲਵਾੜ ਦੇ ਹੱਕ ਵਿੱਚ ਚੋਣ ਪ੍ਰਚਾਰ ਕੀਤਾ। ਉਨ੍ਹਾਂ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਕਾਂਗਰਸੀ ਪਾਰਟੀ ਦੇ ਉਮੀਦਵਾਰਾਂ ਨੂੰ ਵੋਟਾਂ ਪਾ ਕੇ ਜਿਤਾਉਣ। ਤਿੰਨੋਂ ਉਮੀਦਵਾਰਾਂ ਨੂੰ ਪ੍ਰਿਯੰਕਾ ਗਾਂਧੀ ਨੇ ਆਪਣੇ ਨਾਲ ਟਰੱਕ ’ਤੇ ਬਿਠਾਇਆ ਹੋਇਆ ਸੀ। ਇਸ ਦੌਰਾਨ ਪ੍ਰਿਯੰਕਾ ਗਾਂਧੀ ਦੇ ਨਾਲ ਦਿਪੇਂਦਰ ਹੁੱਡਾ, ਲੋਕ ਸਭਾ ਮੈਂਬਰ ਰਵਨੀਤ ਸਿੰਘ ਬਿੱਟੂ, ਕੈਬਨਿਟ ਮੰਤਰੀ ਭਾਰਤ ਭੂਸ਼ਣ ਆਸ਼ੂ ਵੀ ਮੌਜੂਦ ਸਨ। ਰੋਡ ਸ਼ੋਅ ਪੁਰਾਣੇ ਸ਼ਹਿਰ ਵਿੱਚ ਵਾਲਮੀਕੀ ਘਾਟੀ ਤੋਂ ਸ਼ੁਰੂ ਹੋਇਆ, ਜੋ ਕਿ ਸੁੰਦਰ ਨਗਰ, ਬਸਤੀ ਜੋਧੇਵਾਲ ਤੋਂ ਰਾਹੋਂ ਰੋਡ ਤੱਕ ਗਿਆ। ਖਾਸ ਗੱਲ ਇਹ ਰਹੀ ਕਿ ਪ੍ਰਿਯੰਕਾ ਗਾਂਧੀ ਨੇ ਕਾਂਗਰਸ ਪਾਰਟੀ ਦੇ ਹੱਥਾਂ ਵਿੱਚੋਂ ਪਾਉਣ ਵਾਲੇ ਬੈਂਡ ਰਸਤੇ ਵਿੱਚ ਬਹੁਤ ਸਾਰੇ ਲੋਕਾਂ ਵੱਲ ਸੁੱਟੇ। ਉਨ੍ਹਾਂ ਨੇ ਵਾਲਮੀਕ ਮਹਾਰਾਜ ਦੀ ਫੋਟੋ ਅੱਗੇ ਮੱਥਾ ਵੀ ਟੇਕਿਆ।
ਪ੍ਰਿਯੰਕਾ ਗਾਂਧੀ ਨੇ ਲੁਧਿਆਣਾ ਵਿੱਚ ਦੋ ਵਜੇ ਦੇ ਕਰੀਬ ਪੁੱਜਣਾ ਸੀ, ਪਰ ਉਹ ਦੋ ਘੰਟੇ ਦੇਰੀ ਨਾਲ ਪੁੱਜੀ। ਇਸ ਦੇ ਬਾਵਜੂਦ ਲੋਕਾਂ ਦੀ ਭੀੜ ਸੜਕਾਂ ’ਤੇ ਹੀ ਖੜ੍ਹੀ ਰਹੀ। ਜਿਵੇਂ ਹੀ ਪ੍ਰਿਯੰਕਾ ਗਾਂਧੀ ਲੁਧਿਆਣਾ ਪੁੱਜੀ ਤਾਂ ਲੋਕਾਂ ਨੇ ਰਸਤੇ ਵਿੱਚ ਵੀ ਫੁੱਲਾਂ ਦੀ ਵਰਖਾ ਕਰਕੇ ਉਨ੍ਹਾਂ ਦਾ ਸਵਾਗਤ ਕੀਤਾ। ਫੁੱਲਾਂ ਤੇ ਬੋਰਡਾਂ ਦੇ ਨਾਲ ਸਜਾਏ ਗਏ ਟਰੱਕ ’ਤੇ ਸਵਾਰ ਹੋ ਕੇ ਪ੍ਰਿਯੰਕਾ ਗਾਂਧੀ ਰੋਡ ਸ਼ੋਅ ਲਈ ਨਿਕਲੀ। ਇਸ ਦੌਰਾਨ ਪੰਜਾਬ ਪੁਲੀਸ ਤੇ ਕੇਂਦਰੀ ਸੁਰੱਖਿਆ ਮੁਲਾਜ਼ਮਾਂ ਦੇ ਹੱਥ ਸੁਰੱਖਿਆ ਦੀ ਕਮਾਨ ਸੀ।
ਰਸਤੇ ਵਿੱਚ ਥਾਂ ਥਾਂ ਰੁੱਕ ਕੇ ਵੋਟਾਂ ਲਈ ਪ੍ਰਿਯੰਕਾ ਨੇ ਕੀਤੀ ਅਪੀਲ
ਰਸਤੇ ਵਿੱਚ ਥਾਂ-ਥਾਂ ਰੁੱਕ ਕੇ ਪ੍ਰਿਯੰਕਾ ਗਾਂਧੀ ਨੇ ਲੋਕਾਂ ਅਪੀਲ ਕੀਤੀ ਕਿ ਉਹ ਕਾਂਗਰਸ ਪਾਰਟੀ ਨੂੰ ਵੋਟਾਂ ਪਾਉਣ। ਤਿੰਨਾਂ ਹਲਕਿਆਂ ਦੇ ਉਮੀਦਵਾਰਾਂ ਲਈ ਉਨ੍ਹਾਂ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ 20 ਫਰਵਰੀ ਨੂੰ ਕਾਂਗਰਸ ਨੂੰ ਹੀ ਵੋਟਾਂ ਦੇਣ।