ਟ੍ਰਿਬਿਊਨ ਨਿਊਜ਼ ਸਰਵਿਸ
ਲੁਧਿਆਣਾ, 9 ਅਪਰੈਲ
ਸੂਬਾ ਸਰਕਾਰ ਵੱਲੋਂ ਸਰਕਾਰੀ ਬੱਸਾਂ ਵਿੱਚ ਔਰਤਾਂ ਦੇ ਫਰੀ ਸਫ਼ਰ ਦੀ ਯੋਜਨਾ ਨੇ ਕੁਝ ਦਿਨ ਵਿੱਚ ਹੀ ਪ੍ਰਾਈਵੇਟ ਬੱਸ ਟਰਾਂਸਪੋਰਟਰਾਂ ਦੇ ਧੁੰਏਂ ਕੱਢ ਦਿੱਤੇ ਹਨ। ਖਾਲੀ ਬੱਸਾਂ ਦੇਖ ਕੇ ਪ੍ਰੇਸ਼ਾਨ ਹੁਣ ਇਨ੍ਹਾਂ ਟਰਾਂਸਪੋਰਟਰਾਂ ਨੇ ਵੀ ਜੁਗਾੜ ਲਗਾਉਣੇ ਸ਼ੁਰੂ ਕਰ ਦਿੱਤੇ ਹਨ। ਲੁਧਿਆਣਾ ਬੱਸ ਸਟੈਂਡ ’ਤੇ ਹੁਣ ਪ੍ਰਾਈਵੇਟ ਬੱਸ ਚਾਲਕਾਂ ਨੇ ਇੱਕ ਨਾਲ ਇੱਕ ਸਵਾਰੀ ਮੁਫ਼ਤ ਦਾ ਆਫ਼ਰ ਕੱਢ ਦਿੱਤਾ ਹੈ। ਬੱਸ ਸਟੈਂਡ ਲੁਧਿਆਣਾ ’ਤੇ ਹੁਣ ਬੱਸ ਕੰਡਕੈਟਰ ਇੱਕ ਸਵਾਰੀ ਨਾਲ ਇੱਕ ਫਰੀ ਦੇ ਹੋਕੇ ਲਗਾਉਣ ਲੱਗੇ ਹਨ ਪਰ ਇਸਦੇ ਬਾਵਜੂਦ ਔਰਤਾਂ ਨਿੱਜੀ ਬੱਸਾਂ ਵਿਚ ਚੜ੍ਹ ਨਹੀਂ ਰਹੀਆਂ। ਬੱਸ ਅੱਡੇ ਦੇ ਮੁਲਾਜ਼ਮਾਂ ਦੀ ਮੰਨੀਏ ਤਾਂ ਪਹਿਲਾਂ ਨਾਲੋਂ ਔਰਤਾਂ ਦਾ ਬੱਸ ਵਿਚ ਸਫ਼ਰ ਵੱਧ ਗਿਆ ਹੈ ਪਰ ਔਰਤਾਂ ਇੰਤਜ਼ਾਰ ਕਰਕੇ ਵੀ ਸਰਕਾਰੀ ਬੱਸਾਂ ਵਿਚ ਹੀ ਸਫ਼ਰ ਕਰ ਰਹੀਆਂ ਹਨ, ਇਸ ਕਰਕੇ ਪ੍ਰਾਈਵੇਟ ਬੱਸ ਚਾਲਕ ਪ੍ਰੇਸ਼ਾਨ ਹਨ। ਲੁਧਿਆਣਾ ਬੱਸ ਸਟੈਂਡ ’ਤੇ ਪ੍ਰਾਈਵੇਟ ਬੱਸ ਕੰਡਕਟਰ ਨੇ ਦੱਸਿਆ ਕਿ ਜਦੋਂ ਤੋਂ ਔਰਤਾਂ ਲਈ ਮੁਫ਼ਤ ਸਫ਼ਰ ਸ਼ੁਰੂ ਹੋਇਆ ਹੈ, ਉਦੋਂ ਤੋਂ ਉਨ੍ਹਾਂ ਦੇ ਖ਼ਰਚੇ ਨਿਕਲਣੇ ਵੀ ਮੁਸ਼ਕਲ ਹੋ ਗਏ ਹਨ। ਜਿਹੜੀਆਂ ਔਰਤਾਂ ਸਰਕਾਰੀ ਬੱਸਾਂ ਵੱਲ ਮੂੰਹ ਨਹੀਂ ਸੀ ਕਰਦੀਆਂ, ਉਹ ਹੁਣ ਸਰਕਾਰੀ ਬੱਸਾਂ ਦੇ 10-15 ਮਿੰਟ ਤੱਕ ਇੰਤਜ਼ਾਰ ਵੀ ਕਰਦੀਆਂ ਹਨ। ਇਸ ਕਰਕੇ ਹੁਣ ਉਨ੍ਹਾਂ ਨੇ ਇੱਕ ਸਵਾਰੀ ਨਾਲ ਇੱਕ ਮੁਫ਼ਤ ਦਾ ਆਫ਼ਰ ਕੱਢਿਆ ਹੈ।