ਟ੍ਰਿਬਿਊਨ ਨਿਊਜ਼ ਸਰਵਿਸ
ਲੁਧਿਆਣਾ, 16 ਅਪਰੈਲ
ਪੰਜਾਬ ਵਿੱਚ ਪ੍ਰਾਈਵੇਟ ਬੱਸ ਅਪਰੇਟਰ ‘ਮਾਫ਼ੀਆ’ ਸ਼ਬਦ ਤੋਂ ਪ੍ਰੇਸ਼ਾਨ ਹੋ ਗਏ ਹਨ। ਇੱਥੇ ਮੀਡੀਆ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਕਿਹਾ ਕਿ ਇੱਕ ਸਿਆਸੀ ਪਰਿਵਾਰ ਕਰ ਕੇ ਸੂਬੇ ਦੇ ਸਾਰੇ ਪ੍ਰਾਈਵੇਟ ਬੱਸ ਅਪਰੇਟਰਾਂ ਨਾਲ ਧੱਕਾ ਹੋ ਰਿਹਾ ਹੈ। ਉਨ੍ਹਾਂ ਨੇ ਮੁੱਖ ਮੰਤਰੀ ਨੂੰ ਅਪੀਲ ਕੀਤੀ ਕਿ ਪੰਜਾਬ ਸਰਕਾਰ ਨੂੰ ਹਰ ਸਾਲ 100 ਕਰੋੜ ਰੁਪਏ ਤੋਂ ਵੱਧ ਦਾ ਟੈਕਸ ਦੇਣ ਵਾਲੇ ਪ੍ਰਾਈਵੇਟ ਬੱਸ ਅਪਰੇਟਰਾਂ ਨੂੰ ਮਾਫ਼ੀਆ ਨਾ ਕਿਹਾ ਜਾਵੇ। ਪ੍ਰਾਈਵੇਟ ਬੱਸ ਅਪਰੇਟਰਾਂ ਨੇ ਸਰਕਾਰ ਤੋਂ ਮੰਗ ਕੀਤੀ ਕਿ ਉਨ੍ਹਾਂ ਦੀਆਂ ਬੱਸਾਂ ’ਚ ਵੀ ਔਰਤਾਂ ਦਾ ਕਿਰਾਇਆ ਮੁਫ਼ਤ ਕੀਤਾ ਜਾਵੇ। ਰੋਡਵੇਜ਼ ਅਤੇ ਪੀਆਰਟੀਸੀ ਦੀ ਤਰਜ਼ ’ਤੇ ਇਸ ਦਾ ਭੁਗਤਾਨ ਉਨ੍ਹਾਂ ਨੂੰ ਸਰਕਾਰ ਕਰੇ। ਉਨ੍ਹਾਂ ਕਿਹਾ ਕਿ ਸਰਕਾਰ ਦੀ ਇਸ ਯੋਜਨਾ ਕਾਰਨ ਪ੍ਰਾਈਵੇਟ ਬੱਸਾਂ ਨੂੰ ਸਵਾਰੀਆਂ ਨਹੀਂ ਮਿਲ ਰਹੀਆਂ।
ਇਕਬਾਲ ਸਿੰਘ, ਅਮਰਿੰਦਰ ਸਿੰਘ ਤੇ ਸ਼ੁਭਕਰਨ ਸਿੰਘ ਬਰਾੜ ਨੇ ਕਿਹਾ ਕਿ ਕਈ ਬੱਸ ਅਪਰੇਟਰ ਆਜ਼ਾਦੀ ਤੋਂ ਪਹਿਲਾਂ ਤੋਂ ਇਹ ਕੰਮ ਕਰ ਰਹੇ ਹਨ ਤੇ ਉਨ੍ਹਾਂ ਦੀਆਂ ਚਾਰ ਚਾਰ ਪੀੜ੍ਹੀਆਂ ਇਸੇ ਕੰਮ ’ਚ ਲੱਗੀਆਂ ਹੋਈਆਂ ਹਨ, ਉਨ੍ਹਾਂ ਨੂੰ ਸਿਆਸੀ ਲੋਕਾਂ ਵੱਲੋਂ ਮਾਫ਼ੀਆ ਆਖ਼ਣ ਤੋਂ ਇਤਰਾਜ਼ ਹੈ। ਉਨ੍ਹਾਂ ਕਿਹਾ ਕਿ ਪੰਜਾਬ ’ਚ 2500 ਦੇ ਕਰੀਬ ਪ੍ਰਾਈਵੇਟ ਬੱਸਾਂ ਹਨ, ਇਨ੍ਹਾਂ ਵਿਚੋਂ 329 ਬਾਦਲ ਪਰਿਵਾਰ ਦੀਆਂ ਹਨ। ਉਨ੍ਹਾਂ ਕਿਹਾ ਕਿ ਕੋਈ ਵੀ ਬੱਸ ਅਪਰੇਟਰ ਗ਼ੈਰਕਾਨੂੰਨੀ ਕੰਮ ਨਹੀਂ ਕਰ ਰਿਹਾ ਹੈ।