ਸੰਤੋਖ ਗਿੱਲ
ਗੁਰੂਸਰ ਸੁਧਾਰ, 6 ਨਵੰਬਰ
ਪ੍ਰਿੰਸੀਪਲ ਸੰਤ ਸਿੰਘ ਸੇਖੋਂ ਯਾਦਗਾਰੀ ਸਾਹਿਤਕ ਸਮਾਗਮ ਦਾਖਾ ਕਾਲਜ ’ਚ ਪੰਜਾਬੀ ਸਾਹਿਤ ਅਕੈਡਮੀ ਲੁਧਿਆਣਾ ਦੇ ਸੀਨੀਅਰ ਮੀਤ ਪ੍ਰਧਾਨ ਤੇ ਮੈਗਜ਼ੀਨ ‘ਅਣੂੰ’ ਦੇ ਸੰਪਾਦਕ ਸੁਰਿੰਦਰ ਕੈਲੇ ਦੀ ਪ੍ਰਧਾਨਗੀ ਹੇਠ ਕੀਤਾ ਗਿਆ। ਇਸ ਦੌਰਾਨ ਕਾਲਜ ਪ੍ਰਿੰਸੀਪਲ ਡਾ. ਅਵਤਾਰ ਸਿੰਘ ਨੇ ਸਵਾਗਤੀ ਭਾਸ਼ਣ ਦਿੱਤਾ। ਪ੍ਰੋ. ਗੁਰਪ੍ਰੀਤ ਸਿੰਘ ਨੇ ਮਰਹੂਮ ਪ੍ਰੋ. ਰਮਨ ਦੀ ਨਵ-ਪ੍ਰਕਾਸ਼ਿਤ ਕਥਾ ਕਿਤਾਬ ‘ਹੇਰਵਾ’ ਬਾਰੇ ਵਿਚਾਰ ਪੇਸ਼ ਕੀਤੇ। ਡਾ. ਅਵਤਾਰ ਸਿੰਘ ਵੱਲੋਂ ਸੰਪਾਦਿਤ ਪੁਸਤਕ ‘ਧਰਮ ਹੇਤ ਸਾਕਾ ਜਿਨ ਕੀਆ’ ਬਾਰੇ ਡਾ. ਗੁਲਜ਼ਾਰ ਸਿੰਘ ਪੰਧੇਰ ਨੇ ਕਿਹਾ ਕਿ ਪੁਸਤਕ ਵਿਚ ਸ਼ਾਮਲ ਲੇਖ ਧਰਮ ਦੇ ਮੂਲ ਤੱਤਾਂ ਦੀ ਨਿਸ਼ਾਨਦੇਹੀ ਕਰਦੇ ਹਨ।
ਇਸ ਮੌਕੇ ‘ਪ੍ਰੋਫੈਸਰ ਰਮਨ ਯਾਦਗਾਰੀ ਪੁਰਸਕਾਰ’ ਪ੍ਰਾਪਤ ਕਰਨ ਵਾਲੇ ਹਰਵਿੰਦਰ ਰੋਡੇ ਬਾਰੇ ਐੱਸ. ਇੰਦਰ ਨੇ ਕਿਹਾ ਕਿ ਰੋਡੇ ਬਹੁ-ਵਿਧਾਈ ਕਲਾਵਾਂ ’ਤੇ ਹੱਥ ਅਜ਼ਮਾਈ ਕਰ ਰਿਹਾ ਹੈ। ਸ੍ਰੀ ਰੋਡੇ ਨੇ ਕਿਹਾ ਕਿ ਪ੍ਰੋ. ਰਮਨ ਦੀਆਂ ਰਚਨਾਵਾਂ ਟਾਈਪ ਕਰਦਿਆਂ ਹੀ ਉਨ੍ਹਾਂ ਨੂੰ ਸਾਹਿਤਕ ਚੇਟਕ ਲੱਗ ਗਈ ਤੇ ਪ੍ਰੋ. ਰਮਨ ਹੀ ਉਸ ਦੇ ਰਾਹ ਦਸੇਰਾ ਸਨ। ‘ਹਰਭਜਨ ਹਲਵਾਰਵੀ ਯਾਦਗਾਰੀ ਪੱਤਰਕਾਰਤਾ’ ਪੁਰਸਕਾਰ ਪ੍ਰਾਪਤ ਕਰਨ ਵਾਲੇ ਕਮਲ ਦੁਸਾਂਝ ਬਾਰੇ ਦੀਪਕ ਸ਼ਰਮਾ ਚਨਾਰਥਲ ਨੇ ਕਿਹਾ ਕਿ ਜਿਸ ਤਰ੍ਹਾਂ ਸ੍ਰੀ ਹਲਵਾਰਵੀ ਨੇ ਨਿਰਭੈਤਾ ਨਾਲ ਪੱਤਰਕਾਰਤੀ ਕੀਤੀ, ਉਨ੍ਹਾਂ ਦੇ ਰਾਹ ’ਤੇ ਕਮਲ ਦੁਸਾਂਝ ਪੂਰੇ ਸਿਦਕ ਨਾਲ ਸੇਵਾਵਾਂ ਨਿਭਾਅ ਰਹੀ ਹੈ। ‘ਸਾਹਿਤਾਰਥ’ ਪੁਰਸਕਾਰ ਪ੍ਰਾਪਤ ਕਰਨ ਵਾਲੇ ਡਾ. ਕਰਮਜੀਤ ਸਿੰਘ ਬਾਰੇ ਡਾ. ਗੁਲਜ਼ਾਰ ਪੰਧੇਰ ਨੇ ਦੱਸਿਆ ਕਿ ਡਾ. ਕਰਮਜੀਤ ਦੀ ਲੋਕ ਧਾਰਾ ਬਾਰੇ ਪਹੁੰਚ ਬਹੁਤ ਨਿਰਨਾਇਕ ਹੁੰਦੀ ਹੈ। ਡਾ. ਕਰਮਜੀਤ ਸਿੰਘ ਨੇ ਕਿਹਾ ਕਿ ਪ੍ਰਿੰਸੀਪਲ ਸੇਖੋਂ ਦੀ ਕਾਵਿ-ਆਲੋਚਨਾ ਦੀ ਪੁਸਤਕ ‘ਸਹਿਤਾਰਥ’ ‘ਤੇ ਪੁਰਸਕਾਰ ਮਿਲਣਾ ਗੌਰਵਮਈ ਅਹਿਸਾਸ ਹੈ। ਇਹੀ ਕਾਰਨ ਹੈ ਕਿ ਮਾਰਕਸਵਾਦ ਦੇ ਨਿਰਨਾਇਕ ਪੁਣਛਾਣ ਲਈ ਪ੍ਰੋ. ਕਿਸ਼ਨ ਸਿੰਘ ਤੇ ਪ੍ਰਿੰਸੀਪਲ ਸੇਖੋਂ ਦੇ ਵਿਚਾਰਾਂ ਵਿਚ ਟਕਰਾਅ ਵਿੱਚੋਂ ਉਹ ਸੰਤ ਸਿੰਘ ਸੇਖੋਂ ਦੇ ਵਿਚਾਰਾਂ ਨਾਲ ਸਹਿਮਤ ਹਨ। ਇਸ ਮੌਕੇ ਪੁਰਸਕ੍ਰਿਤ ਅਦੀਬਾਂ ਨੂੰ ਲੋਈ, ਨਕਦ ਰਕਮ ਅਤੇ ਯਾਦਗਾਰੀ ਚਿੰਨ੍ਹ ਦੇ ਕੇ ਸਨਮਾਨਿਆ ਗਿਆ।
ਕਵੀ ਦਰਬਾਰ ’ਚ ਕਰਮਜੀਤ ਗਰੇਵਾਲ, ਦਰਸ਼ਨ ਬੋਪਾਰਾਏ, ਮਹੇਸ਼ ਪਾਂਡੇ, ਤਰਲੋਚਨ ਝਾਂਡੇ, ਭਗਵਾਨ ਢਿੱਲੋਂ, ਗੁਰਤੇਜ ਕੋਟਲਾ, ਜੀ.ਐਸ ਪੀਟਰ, ਜਸਵਿੰਦਰ ਜਲੰਧਰੀ, ਕਸਤੂਰੀ ਲਾਲ, ਦੀਪਕ ਸ਼ਰਮਾ ਚਾਨਰਥਲ, ਗੁਰਪ੍ਰੀਤ, ਹਰਵਿੰਦਰ ਰੋਡੇ, ਮਹਿੰਦਰ ਸਿੰਘ ਸੇਖੋਂ ਅਤੇ ਡਾ. ਕਰਮਜੀਤ ਸਿੰਘ ਨੇ ਆਪਣੇ ਤਾਜ਼ਾ ਕਲਾਮ ਪੇਸ਼ ਕੀਤੇ।
ਮਹਿੰਦਰ ਸਿੰਘ ਸੇਖੋਂ ਨੇ ਪੰਜਾਬੀ ਭਾਸ਼ਾ ਦੀ ਸਰਕਾਰੇ-ਦਰਬਾਰੇ ਹੋ ਰਹੀ ਦੁਰਗਤੀ ’ਤੇ ਫ਼ਿਕਰ ਜ਼ਾਹਿਰ ਕੀਤਾ। ਇਸ ਮੌਕੇ ਕਮਾਡੈਂਟ ਭੁਪਿੰਦਰ ਸਿੰਘ ਚੌਕੀਮਾਨ, ਪ੍ਰੋ. ਨਵੀਨ ਕੁਮਾਰ, ਡਾ. ਪੂਨਮ ਲਤਾ, ਪ੍ਰੋ. ਸਰਬਜੀਤ ਕੌਰ, ਪ੍ਰੋ. ਗਗਨਦੀਪ ਕੌਰ, ਪ੍ਰੋ. ਲਵਪ੍ਰੀਤ ਬਾਵਾ, ਪ੍ਰੋ. ਤੇਜਿੰਦਰਪਾਲ ਕੌਰ, ਪ੍ਰੋ. ਇੰਦਰਜੀਤ ਕੌਰ, ਪ੍ਰੋ. ਸਨੇਹਾ ਗਰੋਵਲ, ਅਤੇ ਪ੍ਰੋ. ਮਨੂੰ ਹਾਜ਼ਰ ਸਨ। ਮੰਚ ਸੰਚਾਲਨ ਪ੍ਰੋ. ਹਰਜੀਤ ਸਿੰਘ ਨੇ ਕੀਤਾ।