ਸੰਤੋਖ ਗਿੱਲ
ਗੁਰੂਸਰ ਸੁਧਾਰ, 15 ਅਕਤੂਬਰ
ਪਿੰਡ ਸੁਧਾਰ ਦੇ ਮਜ਼ਦੂਰ ਪਰਿਵਾਰਾਂ ਦੇ ਸਕੂਲੀ ਵਿਦਿਆਰਥੀਆਂ ਨੇ ਦਸਹਿਰੇ ਮੌਕੇ ਆਪਣੇ ਹੱਥੀਂ ਤਿਆਰ ਕੀਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਆਦਮਕੱਦ ਪੁਤਲੇ ਨੂੰ ਕਿਸੇ ਮੁੱਖ ਮਹਿਮਾਨ ਦੀ ਗ਼ੈਰਮੌਜੂਦਗੀ ਵਿਚ ਸੂਰਜ ਢਲਨ ਬਾਅਦ ਅਗਨ ਭੇਟ ਕੀਤਾ। ਸਕੂਲੀ ਵਿਦਿਆਰਥੀ ਦਿਲਪ੍ਰੀਤ ਸਿੰਘ, ਪ੍ਰਭਜੋਤ ਸਿੰਘ, ਨਵਜੋਤ ਸਿੰਘ, ਦਿਲਰਾਜ ਸਿੰਘ, ਗੁਰਮੁਖ ਸਿੰਘ ਅਤੇ ਗੁਰਸੇਵਕ ਸਿੰਘ ਨੇ ਆਪਣੇ ਹੋਰ ਸਾਥੀਆਂ ਦੀ ਮਦਦ ਨਾਲ ਕਿਸਾਨੀ ਘੋਲ ਦੇ ਹੱਕ ਵਿਚ ਦਸਹਿਰੇ ਮੌਕੇ ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ਅਨੁਸਾਰ ਪ੍ਰਧਾਨ ਮੰਤਰੀ ਦਾ ਪੁਤਲਾ ਫੂਕਣ ਦਾ ਪ੍ਰੋਗਰਾਮ ਉਲੀਕਿਆ ਸੀ। ਸਕੂਲੀ ਬੱਚਿਆਂ ਨੇ ਦੇਰ ਸ਼ਾਮ ਪਿੰਡ ਵਿਚ ਝਾਕੀਆਂ ਵੀ ਪੇਸ਼ ਕੀਤੀਆਂ ਅਤੇ ਕਿਸਾਨਾਂ ਮਜ਼ਦੂਰਾਂ ਦੇ ਸੰਘਰਸ਼ ਦੇ ਹੱਕ ਵਿਚ ਜ਼ੋਰਦਾਰ ਨਾਅਰੇਬਾਜ਼ੀ ਕੀਤੀ। ਪਿੰਡ ਵਿਚ ਝਾਕੀਆਂ ਕੱਢਣ ਮੌਕੇ ਬੱਚਿਆਂ ਦੇ ਮਾਪੇ ਅਤੇ ਪਰਿਵਾਰਕ ਮੈਂਬਰ ਵੀ ਪ੍ਰਦਰਸ਼ਨ ਵਿਚ ਸ਼ਾਮਲ ਹੋਏ।
ਸਕੂਲਾਂ ਵਿੱਚ ਦਸਹਿਰਾ ਮਨਾਇਆ
ਖੰਨਾ (ਨਿੱਜੀ ਪੱਤਰ ਪ੍ਰੇਰਕ): ਇਥੋਂ ਦੇ ਸੇਂਟ ਮਦਰ ਟੈਰੇਸਾ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਵਿੱਚ ਦਸਹਿਰੇ ਦਾ ਤਿਉਹਾਰ ਚੇਅਰਮੈਨ ਸੁਰਿੰਦਰ ਸ਼ਾਹੀ ਦੀ ਅਗਵਾਈ ਹੇਠਾਂ ਮਨਾਇਆ ਗਿਆ। ਇਸ ਮੌਕੇ ਬੱਚਿਆਂ ਨੇ ਰੰਗ ਬਿਰੰਗੀਆਂ ਪੋਸ਼ਾਕਾਂ ਪਾ ਕੇ ਸ੍ਰੀ ਰਾਮ, ਸੀਤਾ, ਲਛਮਣ ਤੇ ਹਨੂੰਮਾਨ ਦੇ ਸਵਰੂਪ ਧਾਰਨ ਕੀਤੇ ਹੋਏ ਸਨ।
ਲੁਧਿਆਣਾ (ਖੇਤਰੀ ਪ੍ਰਤੀਨਿਧ): ਦਸਹਿਰੇ ਦਾ ਤਿਉਹਾਰ ਸਰਕਾਰੀ ਪ੍ਰਾਇਮਰੀ ਸਮਾਰਟ ਸਕੂਲ ਜੰਡਿਆਲੀ ਲੁਧਿਆਣਾ ਵਿੱਚ ਅਧਿਆਪਕ ਨਰਿੰਦਰ ਸਿੰਘ ਦੀ ਯੋਗ ਅਗਵਾਈ ਹੇਠ ਬਹੁਤ ਸ਼ਰਧਾ ਅਤੇ ਉਤਸ਼ਾਹ ਨਾਲ ਮਨਾਇਆ ਗਿਆ। ਦਸਹਿਰੇ ਮੇਲੇ ਵਿੱਚ ਵੀਨਸ ਟੂਲਜ਼ ਦੇ ਮੈਨੇਜਿੰਗ ਡਾਇਰੈਕਟਰ ਅਸ਼ੋਕ ਕੁਮਾਰ ਗੁਪਤਾ ਅਤੇ ਸਰਪੰਚ ਊਦੈਰਾਜ ਸਿੰਘ ਗਿੱਲ ਬਤੌਰ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ।