ਲੁਧਿਆਣਾ (ਗੁਰਿੰਦਰ ਸਿੰਘ): ਸ਼ਹਿਰ ਵਾਸੀਆਂ ਲਈ ਸਾਫ਼-ਸੁਥਰੀ ਅਤੇ ਸਿਹਤਮੰਦ ਹਵਾ ਮੁਹੱਈਆ ਕਰਵਾਉਣ ਦੇ ਉਦੇਸ਼ ਨਾਲ ਈਕੋਸਿੱਖ ਅਤੇ ਕਲੀਨ ਏਅਰ ਪੰਜਾਬ-ਏ ਸਿਟੀਜ਼ਨ ਇਨੀਸ਼ਿਏਟਿਵ ਦੇ ਸਹਿਯੋਗ ਨਾਲ ਏਅਰ ਕੁਆਲਿਟੀ ਮਾਹਿਰਾਂ ਵੱਲੋਂ ਇੱਕ ਆਨਲਾਈਨ ਵਰਚੁਅਲ ਚਰਚਾ ਕਰਾਈ ਗਈ, ਜਿਸ ਵਿੱਚ ਸਰਗਰਮ ਨਾਗਰਿਕਾਂ ਦਾ ਇੱਕ ਵਾਚਡੌਗ ਗਰੁੱਪ ਬਣਾਉਣ ਦਾ ਫ਼ੈਸਲਾ ਕੀਤਾ ਗਿਆ, ਜੋ ਜਨਤਕ ਸਿਹਤ ਅਤੇ ਵਾਤਾਵਰਨ ਬਚਾਅ ਲਈ ਕਲੀਨ ਏਅਰ ਐਕਸ਼ਨ ਪਲਾਨ ਦੇ ਲਾਗੂ ਹੋਣ ਦੇ ਕੰਮ ’ਤੇ ਨਜ਼ਰ ਰੱਖੇਗਾ। ਸੂਬੇ ਦੇ ਸਭ ਤੋਂ ਵੱਧ ਪ੍ਰਦੂਸ਼ਿਤ ਸ਼ਹਿਰਾਂ ਵਿੱਚੋਂ ਇੱਕ ਲੁਧਿਆਣਾ ਨੂੰ ਹੁਣ ਪੰਜਾਬ ਦੇ ਸਭ ਤੋਂ ਸਾਫ਼ ਵਾਤਾਵਰਨ ਵਾਲੇ ਸ਼ਹਿਰਾਂ ਵਿੱਚੋਂ ਇੱਕ ਬਣਾਉਣ ਦਾ ਫ਼ੈਸਲਾ ਕੀਤਾ ਗਿਆ ਹੈ। ਇਸ ਪੈਨਲ ਡਿਸਕਸ਼ਨ ਦੌਰਾਨ ਕੋਵਿਡ-19 ਤੋ ਬਾਅਦ ਕਲੀਨ ਏਅਰ ਐਕਸ਼ਨ ਪਲਾਨ ਨੂੰ ਲਾਗੂ ਕਰਨ ਦੇ ਰਸਤੇ ਵਿੱਚ ਪੈਦਾ ਹੋਈਆਂ ਚੁਣੌਤੀਆਂ ਉਤੇ ਵਿਸਥਾਰਤ ਗੱਲਬਾਤ ਕੀਤੀ ਗਈ। ਸਵਾਤੀ ਟਿਵਾਣਾ ਅਤੇ ਤਨੂਸ੍ਰੀ ਗਾਗੁੰਲੀ ਨੇ ਕਿਹਾ ਕਿ ਲੁਧਿਆਣਾ ਵਿੱਚ ਸਿਰਫ਼ ਇੱਕ ਰੀਅਲ-ਟਾਇਮ ਅਤੇ 4 ਮੈਨੂਅਲ ਮੌਨਿਟਰਿੰਗ ਸਟੇਸ਼ਨ ਹਨ, ਜਦਕਿ ਘੱਟ ਤੋਂ ਘੱਟ 11 ਮੌਨਿਟਰਾਂ ਦੀ ਜ਼ਰੂਰਤ ਹੈ। ਸਾਬਕਾ ਆਈਏਐੱਸ ਕਾਹਨ ਸਿੰਘ ਪੰਨੂ ਨੇ ਕਿਹਾ ਕਿ ਇੱਟਾਂ ਦੇ ਭੱਠਿਆਂ ਤੋਂ ਇਲਾਵਾ ਥਰਮਲ, ਕਾਗਜ਼, ਸੀਮਿੰਟ ਅਤੇ ਰਸਾਇਣਿਕ ਪਲਾਟਾਂ ਤੋਂ ਹੋਣ ਵਾਲੇ ਪ੍ਰਦੂਸ਼ਣ ਖਿਲਾਫ਼ ਸਖ਼ਤ ਕਾਰਵਾਈ ਦੀ ਲੋੜ ਹੈ। ਪ੍ਰਮੁੱਖ ਵਾਤਾਵਰਨ ਵਰਕਰ ਜਸਕੀਰਤ ਸਿੰਘ ਨੇ ਦੱਸਿਆ ਕਿ ਇੱਥੇ ਸਿਰਫ਼ 1.65 ਫ਼ੀਸਦੀ ਹੀ ਜੰਗਲ ਹਨ, ਜਦਕਿ ਕਲੀਨ ਏਅਰ ਐਕਸ਼ਨ ਪਲਾਨ ਤਹਿਤ ਹੋਰ ਕੰਮਾਂ ਦੇ ਇਲਾਵਾ ਮੱਤੇਵਾੜਾ ਜੰਗਲ ਅਤੇ ਹੋਰ ਸਾਰੇ ਛੋਟੇ ਜੰਗਲਾਂ ਅਤੇ ਦਰੱਖਤਾਂ ਨੂੰ ਬਚਾਉਣਾ ਚਾਹੀਦਾ ਹੈ।