ਟ੍ਰਿਬਿਊਨ ਨਿਊਜ਼ ਸਰਵਿਸ
ਲੁਧਿਆਣਾ, 6 ਅਕਤੂਬਰ
ਇੱਥੇ ਦੂਜੇ ਰਾਜਾਂ ਤੋਂ ਜਾਅਲੀ ਬਿਲਿੰਗ ਰਾਹੀਂ ਗੈਰਕਾਨੂੰਨੀ ਝੋਨੇ ਦੀ ਆਮਦ ’ਤੇ ਨਜ਼ਰ ਰੱਖਣ ਲਈ ਅੱਜ ਡਿਪਟੀ ਕਮਿਸ਼ਨਰ ਵਰਿੰਦਰ ਕੁਮਾਰ ਸ਼ਰਮਾ ਨੇ ਜ਼ਿਲ੍ਹਾ ਅਤੇ ਮਾਰਕੀਟ ਕਮੇਟੀ ਪੱਧਰ ’ਤੇ 18 ਉਡਣ ਦਸਤੇ ਬਣਾਏ ਹਨ। ਪੰਜਾਬ ਸਰਕਾਰ ਦੇ ਹੁਕਮਾਂ ਤਹਿਤ ਜ਼ਿਲ੍ਹਾ ਪੱਧਰ ’ਤੇ ਹਰੇਕ ਫਲਾਇੰਗ ਸਕੁਐਡ ਦੀ ਅਗਵਾਈ ਵਧੀਕ ਡਿਪਟੀ ਕਮਿਸ਼ਨਰਾਂ ਦੇ ਨਾਲ ਉਨ੍ਹਾਂ ਦੇ ਪੁਲੀਸ ਅਤੇ ਮੰਡੀ ਬੋਰਡ, ਫੂਡ ਸਪਲਾਈ, ਤਹਿਸੀਲਦਾਰ ਤੇ ਨਾਇਬ ਤਹਿਸੀਲਦਾਰ ਆਬਕਾਰੀ ਦੇ ਨੁਮਾਇੰਦਿਆਂ ਵੱਲੋਂ ਕੀਤੀ ਜਾਵੇਗੀ। ਉਪ-ਮੰਡਲ ਪੱਧਰ ’ਤੇ ਦਸਤਿਆਂ ਦੀ ਅਗਵਾਈ ਐੱਸਡੀਐੱਮ ਦੇ ਨਾਲ ਪੁਲੀਸ ਤੇ ਹੋਰ ਅਧਿਕਾਰੀ ਕਰਨਗੇ। ਉਨ੍ਹਾਂ ਦੱਸਿਆ ਕਿ ਇਹ ਦਸਤੇ ਕਣਕ ਮੰਡੀਆਂ ਕਮਿਸ਼ਨ ਏਜੰਟਾਂ ਦਾ ਨਿਰੀਖਣ ਕਰਨਗੇ ਅਤੇ ਰੋਜ਼ਾਨਾ ਉਨ੍ਹਾਂ ਦੇ ਦਫ਼ਤਰ ਨੂੰ ਰਿਪੋਰਟ ਸੌਂਪਣਗੇ। ਦੂਜੇ ਸੂਬਿਆਂ ਤੋਂ ਝੋਨੇ ਦੀ ਅਣਅਧਿਕਾਰਤ ਆਮਦ ‘ਤੇ ਨਜ਼ਰ ਰੱਖਣ ਲਈ ਇਹ ਦਸਤੇ ਆਪਣੇ ਖੇਤਰਾਂ ਵਿੱਚ ਰਾਤ ਨੂੰ ਅਚਨਚੇਤ ਦੌਰੇ ਵੀ ਕਰਨਗੇ।
ਇਸ ਦੌਰਾਨ ਡਿਪਟੀ ਕਮਿਸ਼ਨਰ ਦੀਆਂ ਹਦਾਇਤਾਂ ’ਤੇ ਏਡੀਸੀ ਜਗਰਾਉਂ ਡਾ. ਨਯਨ ਦੀ ਅਗਵਾਈ ਵਿੱਚ ਤਹਿਸੀਲਦਾਰ ਮਨਮੋਹਨ ਕੌਸ਼ਿਕ, ਐੱਸਐੱਚਓ ਕਿਰਨਦੀਪ ਕੌਰ, ਏਐੱਫਐੱਸਓ ਬੇਅੰਤ ਸਿੰਘ ਅਤੇ ਹੋਰ ਅਧਿਕਾਰੀਆਂ ਦੀ ਅਗਵਾਈ ਵਾਲੀ ਟੀਮ ਨੇ ਅੱਜ ਪੁਰਾਣੀ ਅਨਾਜ ਮੰਡੀ ਵਿੱਚ ਨਿਰੀਖਣ ਕੀਤਾ ਅਤੇ ਗੋਇਲ ਬਰੋਕਰਜ਼, ਮਹਾਵੀਰ ਬਰੋਕਰਜ਼, ਪਿਆਰੇ ਲਾਲ ਰਮੇਸ਼ ਚੰਦਰ ਅਤੇ ਗਗਨ ਗੋਇਲ ਐਂਡ ਸੰਨਜ਼ ਦੇ ਰਿਕਾਰਡ ਦੀ ਜਾਂਚ ਕੀਤੀ। ਕਮਿਸ਼ਨ ਏਜੰਟਾਂ ਨੇ ਉਡਣ ਦਸਤਿਆਂ ਨੂੰ ਭਰੋਸਾ ਦਿਵਾਇਆ ਕਿ ਉਹ ਦੂਜੇ ਰਾਜਾਂ ਤੋਂ ਝੋਨਾ ਨਹੀਂ ਖ਼ਰੀਦਣਗੇ। ਇਸ ਮੌਕੇ ਏਡੀਸੀ ਜਗਰਾਉਂ ਨੇ ਕਿਹਾ ਗਲਤ ਕੰਮ ਕਰਨ ਵਾਲਿਆਂ ਨੂੰ ਸਖ਼ਤ ਕਾਰਵਾਈ ਦਾ ਸਾਹਮਣਾ ਕਰਨਾ ਪਵੇਗਾ ਅਤੇ ਕਿਹਾ ਕਿ ਉਡਣ ਦਸਤੇ ਗੈਰ-ਕਾਨੂੰਨੀ ਝੋਨਾ ਲਿਆ ਰਹੇ ਟਰੱਕਾਂ ਦੀ ਆਵਾਜਾਈ ’ਤੇ ਨਜ਼ਰ ਰੱਖਣਗੇ।