ਪੱਤਰ ਪ੍ਰੇਰਕ
ਮਾਛੀਵਾੜਾ, 6 ਅਕਤੂਬਰ
ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਅਤੇ ਭਾਰਤੀ ਕਿਸਾਨ ਮਜ਼ਦੂਰ ਰੋਡ ਸੰਘਰਸ਼ ਯੂਨੀਅਨ ਦੀ ਅਗਵਾਈ ਹੇਠ ਬਲਾਕ ਮਾਂਗਟ ਅਤੇ ਮਾਛੀਵਾੜਾ ਸਾਹਿਬ ਦੀਆਂ ਇਕਾਈਆਂ ਦੀ ਮੀਟਿੰਗ ਅਵਤਾਰ ਸਿੰਘ ਝੂੰਗੀਆਂ ਦੀ ਅਗਵਾਈ ਹੇਠ ਗੁਰਦੁਆਰਾ ਪੰਜ ਭੈਣੀਆਂ ਵਿੱਚ ਹੋਈ। ਕਿਸਾਨ ਆਗੂ ਬਲਵੰਤ ਸਿੰਘ ਘੁਡਾਣੀ ਨੇ ਦੱਸਿਆ ਕਿ ਭਾਰਤ ਮਾਲਾ ਪਰਿਯੋਜਨਾ ਤਹਿਤ ਕੱਢੀਆਂ ਜਾ ਰਹੀਆਂ ਸੜਕਾਂ ਦੀ ਮਾਰ ਹੇਠ ਆਉਂਦੇ ਕਿਸਾਨਾਂ ਦੀਆਂ ਜ਼ਮੀਨਾਂ ਦੇ ਮਾਰਕੀਟ ਰੇਟ ਅਤੇ ਨਰਮੇ ਦੀ ਫਸਲ ਦੇ ਹੋਏ ਨੁਕਸਾਨ ਦਾ ਪੂਰਾ ਮੁਆਵਜ਼ਾ ਲੈਣ ਲਈ ਰਹਿੰਦੀਆਂ ਮੰਗਾਂ ਦੀ ਪ੍ਰਾਪਤੀ ਲਈ ਦਬਾਅ ਬਨਾਉਣ ਲਈ 9 ਅਕਤੂਬਰ ਤੋਂ ਮੁੱਖ ਮੰਤਰੀ ਦੇ ਸੰਗਰੂਰ ਸਥਿਤ ਘਰ ਅੱਗੇ ਅਣਮਿੱਥੇ ਸਮੇਂ ਲਈ ਵਿਸ਼ਾਲ ਧਰਨਾ ਦੇਣ ਦਾ ਫੈਸਲਾ ਕੀਤਾ ਗਿਆ। ਉਨ੍ਹਾਂ ਯੂਨੀਅਨ ਦੀਆਂ ਇਕਾਈਆਂ ਵਾਲੇ ਪਿੰਡਾਂ ਅਤੇ ਸੜਕਾਂ ਦੀ ਮਾਰ ਹੇਠ ਆਉਂਦੇ ਕਿਸਾਨਾਂ ਨੂੰ 9 ਅਕਤੂਬਰ ਨੂੰ ਟਰੈਕਟਰ, ਟਰਾਲੀਆਂ, ਰਾਸ਼ਨ, ਸੌਣ-ਪੈਣ ਦੇ ਇੰਤਜ਼ਾਮ ਕਰਨ ਲਈ ਜੁੱਟ ਜਾਣ ਦਾ ਸੱਦਾ ਦਿੱਤਾ। ਇਸ ਤੋਂ ਇਲਾਵਾ ਉਨ੍ਹਾਂ ਵਲੋਂ ਔਰਤਾਂ ਦੀ ਸ਼ਮੂਲੀਅਤ ਯਕੀਨੀ ਬਣਾਉਣ ਅਤੇ ਰਾਤਾਂ ਨੂੰ ਡਿਊਟੀ ਨਿਭਾਉਣ, ਲੰਗਰ ਦੀ ਸੇਵਾ ਕਰਨ ਲਈ ਵਲੰਟੀਅਰਾਂ ਦੀ ਡਿਊਟੀ ਲਗਾਈ। ਦੋਵਾਂ ਬਲਾਕਾਂ ਦੇ ਪਿੰਡਾ ’ਚੋਂ ਵੱਡੀ ਗਿਣਤੀ ਵਿਚ ਸੰਗਰੂਰ ਧਰਨੇ ’ਚ ਸ਼ਮੂਲੀਅਤ ਕਰਨ ਲਈ ਵੱਡਾ ਹੁੰਗਾਰਾ ਮਿਲਿਆ ਅਤੇ ਜਮੀਨਾਂ ਦੀ ਰਾਖੀ ਲਈ ਹਰ ਕਿਸਮ ਦੀ ਕੁਰਬਾਨੀ ਕਰਨ ਦਾ ਅਹਿਦ ਲਿਆ ਗਿਆ। ਮੀਟਿੰਗ ਨੂੰ ਭਾਕਿਯੂ ਏਕਤਾ ਉਗਰਾਹਾਂ ਦੇ ਜ਼ਿਲ੍ਹਾ ਆਗੂ ਸਾਧੂ ਸਿੰਘ ਪੰਜੇਟਾ, ਬਲਾਕ ਪੱਖੋਵਾਲ ਦੇ ਪ੍ਰਧਾਨ ਕੁਲਦੀਪ ਸਿੰਘ ਗੁੱਜਰਵਾਲ, ਬਲਦੇਵ ਸਿੰਘ ਜੀਰਖ, ਲਾਡੀ ਭੈਣੀ ਸਾਹਿਬ, ਰੋਡ ਸੰਘਰਸ਼ ਯੂਨੀਅਨ ਦੇ ਸੂਬਾ ਜਨਰਲ ਸਕੱਤਰ ਪਰਮਜੀਤ ਸਿੰਘ ਕੋਟ ਆਗਾ, ਸੀਨੀਅਰ ਮੀਤ ਪ੍ਰਧਾਨ ਅਵਤਾਰ ਸਿੰਘ ਝੂੰਗੀਆਂ ਨੇ ਵੀ ਸੰਬੋਧਨ ਕੀਤਾ।