ਨਿੱਜੀ ਪੱਤਰ ਪ੍ਰੇਰਕ
ਜਗਰਾਉਂ, 21 ਫਰਵਰੀ
ਨੇੜਲੇ ਇਤਿਹਾਸਕ ਪਿੰਡ ਅਖਾੜਾ ’ਚ ਧੀਆਂ ਦਾ ਮੇਲ ਕਰਵਾਉਣ ਦੇ ਮਕਸਦ ਨਾਲ ਮੇਲਾ ਧੀਆਂ ਦਾ 24 ਫਰਵਰੀ ਨੂੰ ਲੱਗ ਰਿਹਾ ਹੈ। ਮੇਲੇ ਦੇ ਮੁੱਖ ਪ੍ਰਬੰਧਕ ਪ੍ਰੀਤਮ ਸਿੰਘ ਅਖਾੜਾ, ਮਹੰਤ ਜਰਨੈਲ ਸਿੰਘ, ਸਰਪੰਚ ਜਸਵਿੰਦਰ ਕੌਰ ਨੇ ਦੱਸਿਆ ਕਿ ਅਕਸਰ ਪਿੰਡ ’ਚੋਂ ਵਿਆਹ ਕੇ ਗਈਆਂ ਕੁੜੀਆਂ ਦਾ ਕਈ ਸਾਲ ਤੱਕ ਆਪਣੇ ਨਾਲ ਖੇਡੀਆਂ, ਪੜ੍ਹੀਆਂ ਤੇ ਵੱਡੀਆਂ ਹੋਈਆਂ ਸਹੇਲੀਆਂ ਨਾਲ ਲੰਬੇ ਸਮੇਂ ਤੱਕ ਮੇਲ ਮਿਲਾਪ ਨਹੀਂ ਹੁੰਦਾ। ਬੱਚੇ ਤੇ ਦੋਹਤੇ-ਪੋਤੇ ਹੋਣ ਕਰ ਕੇ ਜ਼ਿੰਦਗੀ ਦੇ ਰੁਝੇਵੇਂ ਹੀ ਅਜਿਹੇ ਹੋ ਜਾਂਦੇ ਹਨ ਕਿ ਚਾਹ ਕੇ ਵੀ ਨਿੱਕਲ ਨਹੀਂ ਹੁੰਦਾ। ਇਸ ਲਈ ਪਿੰਡ ਵਾਸੀਆਂ ਨੇ ਆਮ ਸਹਿਮਤੀ ਨਾਲ ਇਹ ਪ੍ਰਬੰਧ ਮੇਲੇ ਦੇ ਰੂਪ ’ਚ ਕਰਨ ਦਾ ਫ਼ੈਸਲਾ ਲਿਆ ਸੀ ਜਿਸ ਦੀਆਂ ਤਿਆਰੀਆਂ ਕਰ ਲਈਆਂ ਹਨ। ਉਨ੍ਹਾਂ ਦੱਸਿਆ ਕਿ ਨਗਰ ਦੀਆਂ ਸਮੁੱਚੀਆਂ ਧੀਆਂ ਲਈ ਵਿਸ਼ੇਸ਼ ਤੇ ਵਿਲੱਖਣ ਸਮਾਗਮ ਕੈਮਾਂ ਵਾਲੀ ਢਾਬ ਦੇ ਸਥਾਨ ’ਤੇ ਹੋਵੇਗਾ। ਨਗਰ ਦੀਆਂ ਧੀਆਂ, ਚਾਚੀਆਂ, ਤਾਈਆਂ, ਸਟੇਡੀਅਮ ਦੇ ਅੰਦਰ ਆਪਣੇ ਬਚਪਨ ਦੀਆਂ ਸਕੂਲ ਸਮੇਂ ਦੀਆਂ ਸਾਂਝਾਂ ਨੂੰ ਤਾਜ਼ਾ ਕਰਨਗੀਆਂ। ਕੁੜੀਆਂ ਦੇ ਨੱਚਣ-ਟੱਪਣ, ਹਾਸਾ-ਠੱਠਾ ਤੇ ਮਨੋਰੰਜਨ ਲਈ ਪ੍ਰੋਗਰਾਮ ਉਲੀਕਿਆ ਗਿਆ ਹੈ। ਇਸ ਸਮੇਂ ਸਾਬਕਾ ਸਰਪੰਚ ਸੁਖਦੇਵ ਸਿੰਘ, ਅਮਰ ਸਿੰਘ, ਸੁਰਜੀਤ ਸਿੰਘ, ਹਰਨੇਕ ਸਿੰਘ ਅਖਾੜਾ ਵੀ ਮੌਜੂਦ ਸਨ।