ਨਿੱਜੀ ਪੱਤਰ ਪ੍ਰੇਰਕ
ਜਗਰਾਉਂ, 19 ਜਨਵਰੀ
ਭਾਰਤੀ ਕਿਸਾਨ ਯੂਨੀਅਨ ਏਕਤਾ (ਡਕੌਂਦਾ) ਵੱਲੋਂ ਕਿਸਾਨੀ ਮੰਗਾਂ ਨੂੰ ਲੈ ਕੇ 21 ਜਨਵਰੀ ਨੂੰ ਬਰਨਾਲਾ ਵਿੱਚ ਰੱਖੀ ਸੂਬਾ ਪੱਧਰੀ ‘ਜੁਝਾਰ ਰੈਲੀ’ ਦੀਆਂ ਸਮੁੱਚੀਆਂ ਤਿਆਰੀਆਂ ਮੁਕੰਮਲ ਕਰ ਲਈਆਂ ਗਈਆਂ ਹਨ। ਜ਼ਿਲ੍ਹਾ ਪ੍ਰਧਾਨ ਮਹਿੰਦਰ ਸਿੰਘ ਕਮਾਲਪੁਰਾ ਅਤੇ ਇੰਦਰਜੀਤ ਸਿੰਘ ਧਾਲੀਵਾਲ ਨੇ ਦੱਸਿਆ ਕਿ ਜਗਰਾਉਂ, ਸਿੱਧਵਾਂ ਬੇਟ, ਰਾਏਕੋਟ, ਸੁਧਾਰ, ਹੰਬੜਾਂ, ਪੱਖੋਵਾਲ ਬਲਾਕਾਂ ਦੇ ਕਿਸਾਨ ਵੀਰਾਂ ਤੇ ਭੈਣਾਂ ’ਚ ਰੈਲੀ ’ਚ ਜਾਣ ਲਈ ਪੂਰਾ ਉਤਸ਼ਾਹ ਹੈ। ਇਨ੍ਹਾਂ ਸਾਰੇ ਬਲਾਕਾਂ ਦੇ ਆਗੂਆਂ ਜਗਤਾਰ ਸਿੰਘ ਦੇਹੜਕਾ, ਰਣਧੀਰ ਸਿੰਘ ਉੱਪਲ, ਸਰਬਜੀਤ ਸਿੰਘ ਗਿੱਲ, ਸੁਖਵਿੰਦਰ ਸਿੰਘ ਹੰਬੜਾਂ, ਦਵਿੰਦਰ ਸਿੰਘ ਮਲਸੀਹਾਂ, ਅਮਰਜੀਤ ਸਿੰਘ ਲੀਲ, ਹੈਪੀ ਸਹੌਲੀ ਨੇ ਦੱਸਿਆ ਕਿ ਸਾਰੇ ਹੀ ਪਿੰਡਾਂ ’ਚ ਬਰਨਾਲਾ ਦੀ ਰੈਲੀ ਦੀ ਤਿਆਰੀ ਲਈ ਮੀਟਿੰਗਾਂ ਤੇ ਘਰੋਂ ਘਰੀਂ ਸੰਪਰਕ ਕਰਨ ਦੀ ਮੁਹਿੰਮ ਪੂਰੀ ਕਾਮਯਾਬੀ ਨਾਲ ਚੱਲ ਚੁੱਕੀ ਹੈ। ਦਿੱਲੀ ਕਿਸਾਨ ਅੰਦੋਲਨ ਦੀ ਇਤਿਹਾਸਕ ਜਿੱਤ ਤੋਂ ਬਾਅਦ ਕਿਸਾਨਾਂ ’ਚ ਅਗਲੇਰੀ ਲੜਾਈ ਲਈ ਜੋਸ਼ ਉਬਾਲੇ ਮਾਰ ਰਿਹਾ ਹੈ। ਉਨ੍ਹਾਂ ਕਿਹਾ ਕਿ ਇਸ ਲੜਾਈ ਨੇ ਕਿਰਤੀਆਂ ਨੂੰ ਉਨ੍ਹਾਂ ਦੇ ਅਸਲ ਦੁਸ਼ਮਣ ਦੀ ਪਛਾਣ ਕਰਵਾ ਦਿੱਤੀ ਹੈ। ਸਾਮਰਾਜੀ ਕਾਰਪੋਰੇਟ ਜਗਤ ਦੀ ਅੰਨ੍ਹੀ ਲੁੱਟ ਖ਼ਿਲਾਫ਼ ਹੁਣ ਕਿਸਾਨ ਇਕ ਵਾਰ ਫਿਰ ਦੇਸ਼ ਦੀਆਂ ਸੜਕਾਂ ’ਤੇ ਆਰ-ਪਾਰ ਦੀ ਲੜਾਈ ਲੜਨ ਦੇ ਮੂਡ ’ਚ ਹਨ। ਉਨ੍ਹਾਂ ਕਿਹਾ ਕਿ ਕਿਸਾਨਾਂ ਨੂੰ ਇਹ ਸਮਝ ਆ ਚੁੱਕੀ ਹੈ ਕਿ ਭਾਵੇਂ ਦੇਸ਼ ’ਤੇ ਰਾਜ ਮੋਦੀ ਕਰੇ ਤੇ ਭਾਵੇਂ ਸੋਨੀਆ ਕਰੇ ਦੇਸ਼ ਦੇ ਅਰਥਚਾਰੇ ਨੂੰ ਚਲਾਉਣ ਵਾਲੀਆਂ ਆਰਥਿਕ ਤੇ ਸਨਅਤੀ ਨੀਤੀਆਂ ਦੀ ਚਾਬੀ ਸੰਸਾਰ ਬੈਂਕ, ਕੌਮਾਂਤਰੀ ਮੁਦਰਾ ਫੰਡ, ਸੰਸਾਰ ਵਪਾਰ ਸੰਸਥਾ ਦੇ ਹੱਥ ’ਚ ਹੈ। ਇਸ ਤੋਂ ਵੀ ਅੱਗੇ ਕਹਿਣਾ ਹੋਵੇ ਤਾਂ ਸੰਸਾਰ ਦੀਆਂ ਸੱਤ ਮਹਾ ਸ਼ਕਤੀਆਂ ਦਾ ਪੂਰੇ ਸੰਸਾਰ ’ਤੇ ਪੂਰਾ ਕੰਟਰੋਲ ਹੈ। ਉਨ੍ਹਾਂ ਕਿਹਾ ਕਿ 21 ਜਨਵਰੀ ਦੀ ਬਰਨਾਲਾ ਰੈਲੀ ਇਨ੍ਹਾਂ ਸਾਮਰਾਜੀ ਨੀਤੀਆਂ ਖ਼ਿਲਾਫ਼ ਸੰਘਰਸ਼ ਨੂੰ ਹੋਰ ਪ੍ਰਚੰਡ ਕਰਨ ਦਾ ਐਲਾਨ ਕਰਨ ਲਈ ਕੀਤੀ ਜਾ ਰਹੀ ਹੈ। ਬਰਨਾਲਾ ਰੈਲੀ ਉੱਜੜ ਰਹੀ ਤੇ ਕਰਜ਼ੇ ਦੀ ਝੰਬੀ ਕਿਸਾਨੀ ਨੂੰ ਬਚਾਉਣ ਲਈ ਨਵੀਂ ਖੇਤੀ ਨੀਤੀ ਦਾ ਕਿਸਾਨ-ਪੱਖੀ ਮਾਡਲ ਐਲਾਨਣ ਅਤੇ ਕਿਸਾਨੀ ਨੂੰ ਬਚਾਉਣ ਲਈ ਹਰ ਤਰ੍ਹਾਂ ਦੇ ਕਰਜ਼ਿਆਂ ’ਤੇ ਲੀਕ ਮਾਰਨ ਦੀ ਮੰਗ ਨੂੰ ਜ਼ੋਰਦਾਰ ਢੰਗ ਨਾਲ ਉਠਾਉਣ ਦਾ ਜ਼ਰੀਆ ਬਣੇਗੀ। ਰੈਲੀ ’ਚ ਪੇਂਡੂ ਮਜ਼ਦੂਰਾਂ ਨੂੰ ਹਰ ਪਿੰਡ ’ਚ ਜਥੇਬੰਦ ਕਰਨ ’ਚ ਕਿਸਾਨ ਯੂਨੀਅਨ ਦੀ ਭੂਮਿਕਾ ਨੂੰ ਪਛਾਨਣ ਤੇ ਜ਼ਿੰਮੇਵਾਰੀ ਓਟਣ ਦਾ ਐਲਾਨ ਕੀਤਾ ਜਾਵੇਗਾ।