ਟ੍ਰਿਬਿਊਨ ਨਿਊਜ਼ ਸਰਵਿਸ
ਲੁਧਿਆਣਾ, 10 ਦਸੰਬਰ
ਕਿਸਾਨੀ ਅੰਦੋਲਨ ਕਾਰਨ ਪਿਛਲੇ ਇੱਕ ਸਾਲ ਦੋ ਮਹੀਨੇ ਤੋਂ ਬੰਦ ਪਇਆ ਲਾਡੋਵਾਲ ਟੌਲ ਪਲਾਜ਼ਾ ’ਤੇ ਹੁਣ ਲੋਕਾਂ ਦੀ ਜਲਦ ਹੀ ਦੁਬਾਰਾ ਪਰਚੀ ਕੱਟਣੀ ਸ਼ੁਰੂ ਹੋ ਜਾਏਗੀ। ਕਿਸਾਨੀ ਅੰਦੋਲਨ ਦੇ ਫਤਹਿ ਹੋਣ ਤੋਂ ਬਾਅਦ ਹੁਣ 15 ਦਸੰਬਰ ਨੂੰ ਟੌਲ ਪਲਾਜ਼ਾ ’ਤੇ ਲੱਗੇ ਪੱਕੇ ਮੋਰਚਿਆਂ ਨੂੰ ਚੁੱਕਣ ਦਾ ਐਲਾਨ ਕਰ ਦਿੱਤਾ ਗਿਆ ਹੈ। ਜਿਸ ਤੋਂ ਬਾਅਦ 16 ਦਸੰਬਰ ਨੂੰ ਟੌਲ ਪਲਾਜ਼ਾ ਖੋਲ੍ਹ ਦਿੱਤੇ ਜਾਣਗੇ। ਲਾਡੋਵਾਲ ਤੋਂ ਲੰਘਣ ਵਾਲੇ ਲੋਕਾਂ ਨੂੰ ਇੱਥੋਂ ਦੁਬਾਰਾ ਪਰਚੀ ਕੱਟਵਾਉਣੀ ਪਵੇਗੀ। ਜਿਸਦੇ ਲਈ ਇੱਕ ਸਾਈਡ 135 ਤੇ ਦੋਵੇਂ ਸਾਈਡ 200 ਰੁਪਏ ਦੇਣੇ ਪੈਣਗੇ। ਸੂਬੇ ਦੇ ਸਭ ਤੋਂ ਮਹਿੰਗੇ ਲਾਡੋਵਾਲ ਟੌਲ ਪਲਾਜ਼ਾ ’ਤੇ ਕਿਸਾਨਾਂ ਨੇ ਅਕਤੂਬਰ ਮਹੀਨੇ ਵਿੱਚ ਟੈਂਟ ਲਗਾ ਕੇ ਪੱਕਾ ਮੋਰਚਾ ਲਗਾ ਦਿੱਤਾ ਸੀ। ਇੱਥੋਂ ਰੋਜ਼ਾਨਾਂ 50 ਲੱਖ ਰੁਪਏ ਦਾ ਟੋਲ ਟੈਕਸ ਇਕੱਠਾ ਹੁੰਦਾ ਹੈ ਪਰ ਪਿਛਲੇ ਇੱਕ ਸਾਲ ਦੋ ਮਹੀਨਿਆਂ ਤੋਂ ਕਿਸਾਨਾਂ ਕਾਰਨ ਕੰਪਨੀ ਨੇ ਇਹ ਟੌਲ ਟੈਕਸ ਵਸੂਲਣਾ ਬੰਦ ਕੀਤਾ ਹੋਇਆ ਸੀ, ਹੁਣ ਕਿਸਾਨੀ ਅੰਦੋਲਨ ਫਤਹਿ ਹੋਣ ਤੋਂ ਬਾਅਦ ਕਿਸਾਨਾਂ ਨੇ ਇੱਥੋਂ ਆਪਣੇ ਪੱਕੇ ਮੋਰਚੇ ਚੁੱਕਣ ਦਾ ਐਲਾਨ ਕਰ ਦਿੱਤਾ ਹੈ। ਟੌਲ ਪਲਾਜ਼ਾ ਨੂੰ ਖੋਲ੍ਹਣ ਦੇ ਲਈ ਅੱਜ ਤੋਂ ਹੀ ਤਿਆਰੀਆਂ ਸ਼ੁਰੂ ਹੋ ਗਈਆਂ ਹਨ। ਦੋਵੇਂ ਪਾਸੇ ਨਵੀਆਂ ਸੜਕਾਂ ਬਣਾਈਆਂ ਜਾ ਰਹੀਆਂ ਹਨ, ਪੁਰਾਣੇ ਸਟਾਫ਼ ਨੂੰ ਡਿਊਟੀ ਜੁਆਇਨ ਕਰਨ ਦੇ ਲਈ ਸੁਨੇਹਾ ਲਗਾ ਦਿੱਤਾ ਗਿਆ ਹੈ। 16 ਦਸੰਬਰ ਤੋਂ ਇਹ ਟੌਲ ਪਲਾਜ਼ਾ ਸ਼ੁਰੂ ਕਰਨ ਦੀ ਤਿਆਰੀ ਹੈ।