ਦੇਵਿੰਦਰ ਸਿੰਘ ਜੱਗੀ
ਪਾਇਲ, 20 ਅਗਸਤ
ਕਰੋਨਾਵਾਇਰਸ ਮਹਾਮਾਰੀ ਕਰਕੇ ਸਰਕਾਰ ਵੱਲੋਂ ਇਕੱਠ ਨਾ ਕਰਨ ਤੇ ਪ੍ਰਸ਼ਾਸਨ ਦੀਆਂ ਹਦਾਇਤਾਂ ਦੀ ਪਾਲਣਾ ਕਰਦਿਆਂ ਗੁਰਦੁਆਰਾ ਤਪੋਬਣ ਢੱਕੀ ਸਾਹਿਬ ਮਕਸੂਦੜਾ ਵਿਖੇ ਸੀਮਤ ਸੇਵਾਦਾਰਾਂ ਦੀ ਹਾਜ਼ਰੀ ਵਿੱਚ ਗੁਰੂ ਗ੍ਰੰਥ ਸਾਹਿਬ ਜੀ ਦਾ ਪਹਿਲਾ ਪ੍ਰਕਾਸ਼ ਪੁਰਬ ਸ਼ਰਧਾ ਨਾਲ ਮਨਾਇਆ ਗਿਆ।
ਇਸ ਮੌਕੇ ਸਹਿਜ ਪਾਠ ਦੇ ਭੋਗ ਮਗਰੋਂ ਸੰਤ ਦਰਸ਼ਨ ਸਿੰਘ ਖਾਲਸਾ ਨੇ ਕਥਾ ਕੀਰਤਨ ਕਰਦਿਆਂ ਕਿਹਾ ਕਿ ਗੁਰੂ ਗ੍ਰੰਥ ਸਾਹਿਬ ਸੰਸਾਰ ਦੀਆਂ ਸਾਰੀਆਂ ਸਮੱਸਿਆਵਾਂ ਨੂੰ ਹੱਲ ਕਰਨ ਦੇ ਸਮਰੱਥ ਹਨ ਜੋ ਵੀ ਪ੍ਰਾਣੀ ਸ਼ਰਧਾ ਭਾਵਨਾ ਨਾਲ ਗੁਰਬਾਣੀ ਦਾ ਆਸਰਾ ਲਵੇਗਾ ਉਹ ਭਵਜਲ ਸੰਸਾਰ ਤੋਂ ਪਾਰ ਹੋ ਜਾਵੇਗਾ। ਭਾਈ ਗੁਰਦੀਪ ਸਿੰਘ ਨੇ ਦੱਸਿਆ ਕਿ ਢੱਕੀ ਸਾਹਿਬ ਤੋਂ ਸਮਾਗਮ ਦਾ ਸਿੱਧਾ ਪ੍ਰਸਾਰਨ ਸੰਗਤ ਨੇ ਆਪੋ ਆਪਣੇ ਘਰਾਂ ਵਿੱਚ ਬੈਠ ਦੇਖਦਿਆਂ ਗੁਰਬਾਣੀ ਦਾ ਆਨੰਦ ਮਾਣਿਆ। ਪ੍ਰਕਾਸ਼ ਪੁਰਬ ਦੀ ਖੁਸ਼ੀ ਨੂੰ ਮੁੱਖ ਰੱਖਦਿਆਂ ਤਪੋਬਣ ਮਨਮੋਹਕ ਵਾਤਾਵਰਣ ਵਿੱਚ ਦੇਸੀ ਘਿਓ ਦੇ ਦੀਵੇ ਬਾਲ ਕੇ ਰਾਤ ਨੂੰ ਦੀਪਮਾਲਾ ਵੀ ਕੀਤੀ ਗਈ।