ਨਿੱਜੀ ਪੱਤਰ ਪ੍ਰੇਰਕ
ਲੁਧਿਆਣਾ, 12 ਅਕਤੂਬਰ
ਗੁਰੂ ਰਾਮਦਾਸ ਜੀ ਦੇ ਪ੍ਰਕਾਸ਼ ਪੁਰਬ ਮੌਕੇ ਗੁਰਦੁਆਰਿਆਂ ਵਿੱਚ ਗੁਰਮਤਿ ਸਮਾਗਮ ਹੋਏ। ਰਾਤ ਸਮੇਂ ਗੁਰੂਘਰਾਂ ਵਿੱਚ ਦੀਪਮਾਲਾ ਤੇ ਆਤਿਸ਼ਬਾਜੀ ਹੋਈ। ਗੁਰਦੁਆਰਾ ਦੂਖ ਨਿਵਾਰਨ ਸਾਹਿਬ ਵਿਖੇ ਹੋਏ ਸਮਾਗਮ ਦੌਰਾਨ ਪ੍ਰਸਿੱਧ ਕਥਾ ਵਾਚਕ ਗਿਆਨੀ ਪਰਮਜੀਤ ਸਿੰਘ ਖਾਲਸਾ ਸ੍ਰੀ ਅਨੰਦਪੁਰ ਸਾਹਿਬ ਵਾਲਿਆਂ ਨੇ ਸੰਗਤ ਨੂੰ ਬਾਣੀ ਤੇ ਬਾਣੇ ਨਾਲ ਜੁੜਨ ਦਾ ਸੱਦਾ ਦਿੱਤਾ। ਸ੍ਰੀ ਦਰਬਾਰ ਸਾਹਿਬ ਦੇ ਹਜ਼ੂਰੀ ਰਾਗੀ ਭਾਈ ਸੁਖਵੰਤ ਸਿੰਘ, ਭਾਈ ਸਿਮਰਜੀਤ ਸਿੰਘ ਅਤੇ ਭਾਈ ਕੁਲਵਿੰਦਰ ਸਿੰਘ ਨੇ ਕੀਰਤਨ ਕੀਤਾ। ਗੁਰਦੁਆਰਾ ਸਾਹਿਬ ਦੇ ਜਨਰਲ ਸਕੱਤਰ ਅਵਤਾਰ ਸਿੰਘ ਨੇ ਗਿਆਨੀ ਪਰਮਜੀਤ ਸਿੰਘ ਖਾਲਸਾ ਨੂੰ ਸਿਰੋਪਾਓ ਭੇਟ ਕੀਤਾ। ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਮਾਡਲ ਟਾਊਨ ਐਕਸਟੈਨਸ਼ਨ ਵਿੱਖੇ ਹੋੋਏ ਸਮਾਗਮ ਸ੍ਰੀ ਦਰਬਾਰ ਸਾਹਿਬ ਦੇ ਹਜ਼ੂਰੀ ਰਾਗੀ ਭਾਈ ਬਖਸ਼ੀਸ਼ ਸਿੰਘ ਅਤੇ ਭਾਈ ਸਾਹਿਬ ਸਿੰਘ ਨੇ ਕੀਰਤਨ ਅਤੇ ਪੰਥ ਪ੍ਰਸਿੱਧ ਵਿਦਵਾਨ ਤੇ ਕਥਾਵਾਚਕ ਗਿਆਨੀ ਰਸ਼ਪਾਲ ਸਿੰਘ ਫਾਜ਼ਿਲਕਾ ਨੇ ਕਥਾ ਵਿਚਾਰ ਕੀਤੀ।
ਇਸ ਮੌਕੇ ਮੁੱਖ ਸੇਵਾਦਾਰ ਇੰਦਰਜੀਤ ਸਿੰਘ ਮੱਕੜ, ਹਰਪਾਲ ਸਿੰਘ ਖਾਲਸਾ, ਜਗਦੇਵ ਸਿੰਘ ਕਲਸੀ ਅਤੇ ਗੁਰਦੀਪ ਸਿੰਘ ਹਾਜ਼ਰ ਸਨ। ਇੰਟਰਨੈਸ਼ਨਲ ਸਿੱਖ ਧਰਮ ਪ੍ਰਚਾਰ ਮੰਚ ਦੇ ਪ੍ਰਧਾਨ ਗੁਰਦੀਪ ਸਿੰਘ ਲੀਲ, ਰੁਪਿੰਦਰ ਕੌਰ ਲੀਲ ਅਤੇ ਸ਼ਰਨਦੀਪ ਸਿੰਘ ਨੇ ਨੌਜਵਾਨ ਬੱਚਿਆਂ ਨੂੰ ਦਸਤਾਰਾਂ ਵੰਡੀਆਂ।