ਨਿੱਜੀ ਪੱਤਰ ਪ੍ਰੇਰਕ
ਜਗਰਾਉਂ, 27 ਅਕਤੂਬਰ
ਇਥੋਂ ਨਜ਼ਦੀਕੀ ਪਿੰਡ ਸਿੱਧਵਾਂ ਖੁਰਦ ਵਿੱਚ ਦਹਾਕਿਆਂ ਤੋਂ ਕੰਮ ਕਰਦੇ ਪਾਵਰਕੌਮ ਦਫ਼ਤਰ ਵਿੱਚੋਂ ਸਮੁੱਚਾ ਸਟਾਫ਼ ਜਗਰਾਉਂ ਮੁੱਖ ਦਫ਼ਤਰ ਵਿੱਚ ਸੱਦ ਲਏ ਜਾਣ ਤੋਂ ਬਾਅਦ ਕਈ ਪਿੰਡਾਂ ਦੇ ਲੋਕਾਂ ਨੂੰ ਕੰਮਕਾਜ ਦਾ ਦਿੱਕਤ ਪੇਸ਼ ਆਉਣ ਲੱਗੀ। ਇਸ ’ਤੇ ਅੱਧੀ ਦਰਜਨ ਦੇ ਇਨ੍ਹਾਂ ਪਿੰਡਾਂ ਦੇ ਲੋਕਾਂ ਨੇ ਦਸਮੇਸ਼ ਕਿਸਾਨ ਮਜ਼ਦੂਰ ਯੂਨੀਅਨ ਦੀ ਅਗਵਾਈ ਹੇਠ ਸੰਘਰਸ਼ ਵਿੱਢ ਕੇ ਪਾਵਰਕੌਮ ਅਧਿਕਾਰੀਆਂ ਤੋਂ ਬਦਲੇ ਸਟਾਫ਼ ਦੀ ਮੁੜ ਬਹਾਲੀ ਦਾ ਫ਼ੈਸਲਾ ਕਰਵਾ ਲਿਆ। ਪਰ ਕਈ ਹਫ਼ਤੇ ਬੀਤ ਜਾਣ ਤੋਂ ਬਾਅਦ ਵੀ ਬਦਲੇ ਹੋਏ ਸਟਾਫ਼ ਨੂੰ ਨਾ ਭੇਜਣ ਖ਼ਿਲਾਫ਼ ਕਿਸਾਨਾਂ ਵਿੱਚ ਰੋਸ ਪੈਦਾ ਹੋ ਗਿਆ। ਜਥੇਬੰਦੀ ਦੀ ਅਗਵਾਈ ਹੇਠ ਇਹ ਕਿਸਾਨ ਚੌਕੀਮਾਨ ਟੌਲ ਤੋਂ ਗੱਡੀਆਂ ਦੇ ਕਾਫਲੇ ਦੇ ਰੂਪ ਵਿੱਚ ਚੀਫ਼ ਇੰਜੀਨੀਅਰ ਦਫ਼ਤਰ ਪਹੁੰਚ ਗਏ ਅਤੇ ਰੋਸ ਦਰਜ ਕਰਵਾਇਆ। ਸਕੱਤਰ ਜਸਦੇਵ ਸਿੰਘ ਲਲਤੋਂ ਨੇ ਦੱਸਿਆ ਕਿ ਚੀਫ਼ ਇੰਜਨੀਅਰ ਨੇ ਵਾਅਦੀ ਖ਼ਿਲਾਫੀ ਕੀਤੀ ਹੈ।ਉਧਰ, ਚੀਫ਼ ਇੰਜੀਨੀਅਰ ਨੇ ਮੌਕੇ ’ਤੇ ਹੀ ਐੱਸਈ ਸੁਰਜੀਤ ਸਿੰਘ ਨੂੰ ਹੁਕਮ ਜਾਰੀ ਕੀਤੇ ਕਿ ਭਲਕ ਤੋਂ ਹੀ ਸਬੰਧਤ ਸਿੱਧਵਾਂ ਖੁਰਦ ਦਫ਼ਤਰ ਵਿੱਚ ਜੇਈ ਅਤੇ ਆਰਏ ਨੂੰ ਲਾਜ਼ਮੀ ਤਾਇਨਾਤ ਕਰ ਦਿੱਤਾ ਜਾਵੇ । ਇਸ ਤੋਂ ਇਲਾਵਾ ਭਰੋਸਾ ਦਿੱਤਾ ਕਿ ਐੱਸਡੀਓ ਤੇ ਏਐੱਲਐੱਮ ਦੀਆਂ ਅਸਾਮੀਆਂ ਭਰਵਾਉਣ ਲਈ ਵੀ ਹੈੱਡਕੁਆਰਟਰ ਪਟਿਆਲਾ ਨੂੰ ਵਿਸ਼ੇਸ਼ ਤੌਰ ‘ਤੇ ਲਿਖਤੀ ਪੱਤਰ ਭੇਜੇ ਜਾਣਗੇ ਤੇ ਲਗਾਤਾਰ ਪੈਰਵਾਈ ਕੀਤੀ ਜਾਵੇਗੀ।