ਟ੍ਰਿਬਿਊਨ ਨਿਊਜ਼ ਸਰਵਿਸ
ਲੁਧਿਆਣਾ, 28 ਮਈ
ਪੁਲੀਸ ਥਾਣਿਆਂ ਦੇ ਬਿਜਲੀ ਬਿੱਲ ਨਾ ਜਮ੍ਹਾਂ ਹੋਣ ਕਾਰਨ ਪਾਵਰਕੌਮ ਦੇ ਅਧਿਕਾਰੀ ਪੂਰੀ ਤਰ੍ਹਾਂ ਐਕਸ਼ਨ ਵਿੱਚ ਹਨ। ਵਿਭਾਗ ਨੇ ਥਾਣਾ ਡਾਬਾ ਦਾ ਬਿਜਲੀ ਬਿੱਲ ਜਮ੍ਹਾਂ ਨਾ ਹੋਣ ’ਤੇ ਥਾਣੇ ਦਾ ਬਿਜਲੀ ਕੁਨੈਕਸ਼ਨ ਕੱਟ ਦਿੱਤਾ, ਜਿਸ ਕਾਰਨ ਥਾਣੇ ਵਿੱਚ ਪੂਰਾ ਦਿਨ ਤੇ ਦੇਰ ਰਾਤ ਪੁਲੀਸ ਕਰਮੀ ਬੇਹਾਲ ਰਹੇ। ਪੂਰਾ ਦਿਨ ਇੱਥੇ ਬਿਜਲੀ ਨਹੀਂ ਸੀ ਤੇ ਜਨਰੇਟਰ ਤੇ ਇਨਵਰਟਰ ਦਾ ਪ੍ਰਬੰਧ ਵੀ ਨਾ ਹੋਣ ਕਾਰਨ ਇੱਥੇ ਪੁਲੀਸ ਮੁਲਾਜ਼ਮ ਗਰਮੀ ਨਾਲ ਪ੍ਰੇਸ਼ਾਨ ਰਹੇ। ਇਸੇ ਥਾਣੇ ਵਿੱਚ ਸ਼ੁੱਕਰਵਾਰ ਨੂੰ ਹੀ ਥਾਣਾ ਇੰਚਾਰਜ ਦਵਿੰਦਰ ਸ਼ਰਮਾ ਨੇ ਆਪਣੇ ਹੀ ਏਸੀਪੀ ਖਿਲਾਫ਼ ਰਿਪੋਰਟ ਪਾ ਕੇ ਥਾਣਾ ਛੱਡ ਦਿੱਤਾ ਸੀ, ਜਿਸ ਕਾਰਨ ਪੂਰਾ ਸਟਾਫ਼ ਵੀ ਇੱਧਰ ਉਧਰ ਭੱਜਦਾ ਰਿਹਾ ਤੇ ਥਾਣੇ ’ਚ ਲਾਈਟ ਨਹੀਂ ਆਈ। ਦੇਰ ਸ਼ਾਮ ਨੂੰ ਨਵੇਂ ਥਾਣਾ ਇੰਚਾਰਜ ਲਾਏ ਗਏ ਤਾਂ ਉਨ੍ਹਾਂ ਨੂੰ ਪਤਾ ਲੱਗਿਆ ਕਿ ਥਾਣੇ ਦਾ ਬਿਜਲੀ ਬਿੱਲ ਜਮ੍ਹਾਂ ਨਾ ਹੋਣ ਕਰਕੇ ਕੁਨੈਕਸ਼ਨ ਕੱਟ ਦਿੱਤਾ ਗਿਆ ਹੈ। ਐੱਸਐੱਚਓ ਨੇ ਅਧਿਕਾਰੀਆਂ ਨਾਲ ਗੱਲ ਕੀਤੀ ਤੇ ਫਿਰ ਕੁਨੈਕਸ਼ਨ ਦੁਬਾਰਾ ਜੁੜਵਾਇਆ ਗਿਆ। ਲਾਈਟ ਨਾ ਹੋਣ ਕਰਕੇ ਸ਼ਿਕਾਇਤ ਲੈ ਕੇ ਆਏ ਲੋਕਾਂ ਨੂੰ ਵੀ ਪ੍ਰੇਸ਼ਾਨੀ ਹੋਈ। ਦੱਸਿਆ ਜਾ ਰਿਹਾ ਹੈ ਕਿ ਬਿਜਲੀ ਵਿਭਾਗ ਨੇ ਪਹਿਲਾਂ ਹੀ ਪੁਲੀਸ ਵਿਭਾਗ ਨੂੰ ਇਸ ਸੰਬੰਧੀ ਸੂਚਿਤ ਕਰ ਦਿੱਤਾ ਸੀ ਕਿ ਜਿੰਨ੍ਹਾਂ ਥਾਣਿਾਂ ਦਾ ਬਿੱਲ ਬਕਾਇਆ ਹੈ, ਉਨ੍ਹਾਂ ਦਾ ਕੁਨੈਕਸ਼ਨ ਕੱਟ ਦਿੱਤਾ ਜਾਵੇਗਾ।
ਥਾਣਾ ਡਾਬਾ ਦੇ ਇੰਸਪੈਕਟਰ ਦਵਿੰਦਰ ਕੁਮਾਰ ਦਾ ਇੰਡਸਟਰੀਅਲ ਏਰੀਏ ਦੇ ਏਸੀਪੀ ਰਾਜੇਸ਼ ਕੁਮਾਰ ਨਾਲ ਹੋਏ ਵਿਵਾਦ ਤੋਂ ਬਾਅਦ ਉਹ ਏਸੀਪੀ ਖਿਲਾਫ਼ ਸ਼ਿਕਾਇਤ ਪਾ ਕੇ ਥਾਣਾ ਛੱਡ ਕੇ ਪੁਲੀਸ ਲਾਈਨ ਵਿੱਚ ਰਿਲੀਵ ਹੋ ਗਏ ਸਨ। ਇਸ ਤੋਂ ਬਾਅਦ ਪੂਰੇ ਥਾਣੇ ਦਾ ਸਟਾਫ਼ ਹੀ ਬਦਲ ਦਿੱਤਾ ਗਿਆ ਤੇ ਇਸ ਕਾਰਨ ਨਵੇਂ ਪੁਲੀਸ ਮੁਲਾਜ਼ਮਾਂ ਨੇ ਜਦੋਂ ਜੁਆਇਨ ਕੀਤਾ ਤਾਂ ਉਹ ਉਥੇਂ ਪਹਿਲੇ ਦਿਨ ਹੀ ਪ੍ਰੇਸ਼ਾਨ ਹੋ ਗਏ ਸਨ। ਦਰਅਸਲ ਥਾਣਿਆਂ ’ਚ ਪੁਲੀਸ ਦੇ ਲਈ ਕੋਈ ਪ੍ਰਬੰਧ ਨਹੀਂ ਹੈ, ਨਫ਼ਰੀ ਦੀ ਘਾਟ ਤੇ ਵੱਧ ਰਹੇ ਕ੍ਰਾਈਮ ਨਾਲ ਉਹ ਲਗਾਤਾਰ ਪ੍ਰੇਸ਼ਾਨ ਹੋ ਰਹੇ ਹਨ। ਕਾਨੂੰਨ ਦੀ ਸਥਿਤੀ, ਮਾਮਲਿਆਂ ਦੀ ਜਾਂਚ ਤੇ ਨਾਕਾਬੰਦੀ ਲਈ ਕਰਮੀਆਂ ਦੀ ਥਾਣਿਆਂ ’ਚ ਬੜੀ ਕਮੀ ਹੈ। ਥਾਣਾ ਡਾਬਾ ’ਚ ਹਾਲਾਤ ਇਸ ਤੋਂ ਵੀ ਬਦਤਰ ਹਨ ਤੇ ਇਹੀ ਕਾਰਨ ਹੈ ਕਿ ਐਸ.ਐਚ.ਓ. ਤੇ ਦੂਸਰੇ ਪੁਲੀਸ ਮੁਲਾਜ਼ਮ ਕੰਮ ਦਾ ਸਟਰੈਸ ਨਹੀਂ ਝੱਲ ਪਾਏ ਸਨ।