ਜਸਬੀਰ ਸਿੰਘ ਸ਼ੇਤਰਾ
ਜਗਰਾਉਂ, 29 ਜੂਨ
ਬਿਜਲੀ ਮੁੱਦਾ ਅੱਜ ਪੰਜਾਬ ਦੀ ਸਿਆਸਤ ਹੀ ਨਹੀਂ ਸਗੋਂ ਕਿਸਾਨ ਸੰਘਰਸ਼ ਮੋਰਚਿਆਂ ’ਚ ਵੀ ਛਾਇਆ ਰਿਹਾ। ਇਥੇ ਰੇਲਵੇ ਪਾਰਕ ਅਤੇ ਚੌਕੀਮਾਨ ਟੌਲ ਪਲਾਜ਼ਾ ’ਤੇ ਕਿਸਾਨ ਮੋਰਚੇ ਦੇ 272ਵੇਂ ਦਿਨ ਬਿਜਲੀ ਦਾ ਮੁੱਦਾ ਪ੍ਰਮੁੱਖਤਾ ਨਾਲ ਉੱਭਰਿਆ। ਕਿਸਾਨ ਆਗੂ ਨਿਰਮਲ ਸਿੰਘ ਭਮਾਲ, ਤਰਸੇਮ ਸਿੰਘ ਬੱਸੂਵਾਲ, ਦਰਸ਼ਨ ਸਿੰਘ ਗਾਲਬਿ ਨੇ ਕਿਹਾ ਕਿ ਪਹਿਲਾਂ ਗਠਜੋੜ ਸਰਕਾਰ ਅਤੇ ਹੁਣ ਕਾਂਗਰਸੀ ਸਰਕਾਰ ਨਿੱਜੀ ਕੰਪਨੀਆਂ ਨਾਲ ਕੀਤੇ ਬਿਜਲੀ ਸਮਝੌਤਿਆਂ ਤਹਿਤ ਬਿਨਾਂ ਬਿਜਲੀ ਹਾਸਲ ਕੀਤੇ ਕਰੋੜਾਂ ਰੁਪਏ ਅਦਾ ਕਰ ਰਹੀ ਹੈ। ਜੇਕਰ ਨਿੱਜੀ ਕੰਪਨੀਆਂ ਬਿਜਲੀ ਸਪਲਾਈ ਨਹੀਂ ਵੀ ਕਰਦੀਆਂ ਤਾਂ ਉਨ੍ਹਾਂ ਨੂੰ ਸਰਕਾਰਾਂ ਜਵਾਬਤਲਬੀ ਵੀ ਨਹੀਂ ਕਰ ਸਕਦੀਆਂ ਅਤੇ ਨਾ ਹੀ ਜੁਰਮਾਨਾ ਕਰ ਸਕਦੀਆਂ। ਬੀਤੇ ਸਮੇਂ ’ਚ ਨਵੀਂ ਊਰਜਾ ਨੀਤੀ ਤਹਿਤ ਬਿਜਲੀ ਵਿਭਾਗ ਦਾ ਨਿੱਜੀਕਰਨ ਕਰਕੇ ਜਿੱਥੇ ਬਿਜਲੀ ਮਹਿੰਗੀ ਕੀਤੀ, ਉਥੇ ਬਠਿੰਡਾ ਤੇ ਲਹਿਰਾ ਮੁਹੱਬਤ ਥਰਮਲ ਜਿਹੇ ਸਰਕਾਰੀ ਅਦਾਰੇ ਉਜਾੜੇ ਜਾ ਚੁੱਕੇ ਹਨ। ਚੌਕੀਮਾਨ ਧਰਨੇ ’ਚ ਅਵਤਾਰ ਸਿੰਘ ਰਸੂਲਪੁਰ, ਆਤਮਾ ਸਿੰਘ, ਗੁਰਮਿੰਦਰ ਸਿੰਘ ਸੇਖੋਂ, ਅਜਮੇਰ ਸਿੰਘ ਧਨੋਆ, ਹਰਿੰਦਰਪਾਲ ਸਿੰਘ ਬਰਸਾਲ ਆਦਿ ਨੇ ਕਿਹਾ ਕਿ ਬਿਜਲੀ ਮੁੱਦੇ ਦਾ ਪੂਰੀ ਤਰ੍ਹਾਂ ਸਿਆਸੀਕਰਨ ਹੋ ਚੁੱਕਾ ਹੈ।
ਕਿਸਾਨਾਂ ਵੱਲੋਂ ਅੰਦੋਲਨ ਮਜ਼ਬੂਤ ਕਰਨ ਲਈ ਹਰ ਵਰਗ ਨੂੰ ਅਪੀਲ
ਖੰਨਾ (ਨਿੱਜੀ ਪੱਤਰ ਪ੍ਰੇਰਕ): ਕਿਸਾਨਾਂ ਦਾ ਰੇਲਵੇ ਸਟੇਸ਼ਨ ’ਤੇ ਸ਼ਾਂਤਮਈ ਸੰਘਰਸ਼ ਲਗਾਤਾਰ ਜਾਰੀ ਹੈ। ਇਸ ਮੌਕੇ ਭਾਰਤੀ ਕਿਸਾਨ ਯੂਨੀਅਨ ਦੇ ਪ੍ਰਧਾਨ ਰਾਜਿੰਦਰ ਸਿੰਘ ਬੈਨੀਪਾਲ, ਦਲਜੀਤ ਸਿੰਘ ਸਵੈਚ ਅਤੇ ਹਰਮਿੰਦਰ ਸਿੰਘ ਨੇ ਕਿਹਾ ਕਿ ਸੱਤਾਧਾਰੀ ਧਿਰਾਂ ਵੱਲੋਂ ਕਿਸਾਨਾਂ ਨੂੰ ਪਾੜਨ ਦੀਆਂ ਕੋਸ਼ਿਸ਼ਾਂ ਲਗਾਤਾਰ ਜਾਰੀ ਹੈ, ਜਿਸ ਤੋਂ ਸਾਨੂੰ ਚੌਕਸ ਰਹਿਣ ਦੀ ਲੋੜ ਹੈ। ਉਨ੍ਹਾਂ ਕਿਹਾ ਕਿ ਹੁਣ ਸਮਾਂ ਆ ਗਿਆ ਹੈ ਕਿ ਪੂੰਜੀਪਤੀਆਂ ਦੀਆਂ ਚਾਲਾਂ ਨੂੰ ਸਮਝਦਿਆਂ ਕਿਸਾਨ ਹਿੰਦੂ, ਮੁਸਲਿਮ, ਸਿੱਖ, ਈਸਾਈ ਵਿਚ ਨਾ ਵੰਡੇ ਜਾਣ ਤੇ ਆਪਣੀ ਹੱਕਾਂ ਲਈ ਇਕਮੁੱਠ ਹੋ ਕੇ ਖੇਤੀ ਕਾਨੂੰਨਾਂ ਦੀ ਇਸ ਲੜਾਈ ਵਿਚ ਸਹਿਯੋਗ ਦੇਣ।