ਗਗਨਦੀਪ ਅਰੋੜਾ
ਲੁਧਿਆਣਾ, 31 ਮਈ
ਥਾਣਾ ਡਾਬਾ ਕੁੰਡੀ ਨਾਲ ਚੱਲ ਰਹੇ ਬਿਜਲੀ ਕੁਨੈਕਸ਼ਨ ਦਾ ਵਿਵਾਦ ਹਾਲੇ ਹੱਲ ਨਹੀਂ ਹੋਇਆ ਕਿ ਕੁੰਡੀ ਲਾਉਣ ਦੇ ਮਾਮਲੇ ’ਚ ਇੱਕ ਹੋਰ ਥਾਣੇ ਦਾ ਨਾਮ ਵੀ ਨਾਲ ਹੀ ਜੁੜ ਗਿਆ ਹੈ। ਬਿਜਲੀ ਵਿਭਾਗ ਨੇ ਇਸ ਵਾਰ ਥਾਣਾ ਮੋਤੀ ਨਗਰ ਦੀ ਬੱਤੀ ਗੁੱਲ ਕਰ ਦਿੱਤੀ ਹੈ ਜਿੱਥੇ ਪਿਛਲੇ 15 ਦਿਨਾਂ ਤੋਂ ਕੁੰਡੀ ਲਾ ਕੇ ਬਿਜਲੀ ਦਾ ਕੁਨੈਕਸ਼ਨ ਚੱਲ ਰਿਹਾ ਸੀ। ਕੁੰਡੀ ਨਾਲ ਹੀ ਥਾਣੇ ਦੇ ਏਸੀ, ਪੱਖੇ, ਕੂਲਰ ਤੇ ਹੋਰ ਬਿਜਲੀ ਯੰਤਰ ਚਲਾਏ ਜਾ ਰਹੇ ਸਨ। ਦੱਸਿਆ ਜਾ ਰਿਹਾ ਹੈ ਕਿ ਇੱਕ ਮਹੀਨੇ ਪਹਿਲਾਂ ਬਿਜਲੀ ਦਾ ਮੀਟਰ ਸੜ ਜਾਣ ਕਾਰਨ ਸਪਲਾਈ ਬੰਦ ਹੋ ਗਈ ਤਾਂ ਪੁਲੀਸ ਨੇ ਕਿਸੇ ਮਕੈਨਿਕ ਨੂੰ ਬੁਲਾ ਕੇ ਡਾਇਰੈਕਟ ਕੁੰਡੀ ਲਾ ਕੇ ਥਾਣੇ ਦੀ ਬਿਜਲੀ ਚਾਲੂ ਕੀਤੀ। ਉਸ ਤੋਂ ਬਾਅਦ ਥਾਣੇ ’ਚੋਂ ਕੁੰਡੀ ਨਾਲ ਹੀ ਬਿਜਲੀ ਚਲਾਈ ਜਾ ਰਹੀ ਹੈ।
ਥਾਣਾ ਮੋਤੀ ਨਗਰ ’ਚ ਕੁਝ ਦਿਨਾਂ ਤੋਂ ਕੁੰਡੀ ’ਤੇ ਸਾਰੀ ਬਿਜਲੀ ਸਪਲਾਈ ਚੱਲ ਰਹੀ ਸੀ ਜਿਸ ਤੋਂ ਬਾਅਦ ਬਿਜਲੀ ਵਿਭਾਗ ਨੂੰ ਪਤਾ ਲੱਗਿਆ ਤਾਂ ਉਨ੍ਹਾਂ ਬਿਜਲੀ ਦੀ ਕੁੰਡੀ ਉਤਾਰੀ ਅਤੇ ਕੁਨੈਕਸ਼ਨ ਕੱਟ ਦਿੱਤਾ। ਹਾਲਾਂਕਿ, ਥਾਣਾ ਇੰਚਾਰਜ ਇੰਸਪੈਕਟਰ ਕੁਲਵੰਤ ਸਿੰਘ ਨੇ ਦੱਸਿਆ ਕਿ ਮੀਟਰ ਸੜ ਗਿਆ ਸੀ, ਇਸ ਲਈ ਲੋਡ ਵਧਾਉਣ ਦੀ ਅਰਜ਼ੀ ਵੀ ਦਿੱਤੀ ਗਈ ਸੀ। ਪੁਲੀਸ ਨੇ ਆਪਣੇ ਤੌਰ ’ਤੇ ਕੁੰਡੀ ਨਹੀਂ ਲਾਈ ਸੀ। ਬਿਜਲੀ ਵਿਭਾਗ ਵੱਲੋਂ ਹੀ ਥਾਣੇ ਨੂੰ ਬਿਜਲੀ ਸਪਲਾਈ ਦਿੱਤੀ ਜਾ ਰਹੀ ਸੀ। ਹੁਣ ਮੀਟਰ ਲੱਗ ਗਿਆ ਹੈ ਤੇ ਵੱਡੇ ਮੀਟਰ ’ਤੇ ਸਾਰੀ ਬਿਜਲੀ ਸਪਲਾਈ ਬਹਾਲ ਹੋ ਗਈ ਹੈ। ਉੱਧਰ, ਐੱਸਡੀਓ ਸੁਰਿੰਦਰ ਕੁਮਾਰ ਨੇ ਕਿਹਾ ਕਿ ਥਾਣੇ ਵੱਲੋਂ ਕਿਸੇ ਤਰ੍ਹਾਂ ਦੀ ਕੋਈ ਅਰਜ਼ੀ ਨਹੀਂ ਦਿੱਤੀ ਗਈ।