ਚਰਨਜੀਤ ਸਿੰਘ ਢਿੱਲੋਂ
ਜਗਰਾਉਂ, 18 ਫਰਵਰੀ
ਪੰਜਾਬ ਦਾ ਵਿਕਾਸ ਅਕਾਲੀ ਦਲ ਦੀਆਂ ਸਰਕਾਰਾਂ ਵੇਲੇ ਹੀ ਹੋਇਆ । ਪੰਥਕ ਹਲਕੇ ਵਜੋਂ ਜਾਣੇ ਜਾਂਦੇ ਵਿਧਾਨ ਸਭਾ ਹਲਕਾ ਦਾਖਾ ਦੇ ਲੋਕ ਇਸ ਵਾਰ ਝੁੂਠੇ ਵਾਅਦਿਆਂ ਅਤੇ ਦਾਅਵਿਆਂ ਤੇ ਪਿਛਲੇ ਪੰਜ ਵਰ੍ਹੇ ਖੱਜਲ ਕਰ ਚੁੱਕੀ ਕਾਂਗਰਸ ਨੂੰ ਮੁੱਢੋਂ ਨਿਕਾਰ ਦੇਣਗੇ ਇਹ ਪ੍ਰਗਟਾਵਾ ਮਨਪ੍ਰੀਤ ਸਿੰਘ ਇਯਾਲੀ ਨੇ ਬੇਟ ਇਲਾਕੇ ਦੇ ਪਿੰਡ ਭੂੰਦੜੀ ਵਿੱਚ ਅੰਤਿਮ ਪੜਾਅ ਦੇ ਚੋਣ ਜਲਸੇ ਨੂੰ ਸੰਬੋਧਨ ਕਰਦਿਆਂ ਕੀਤਾ । ਉਨ੍ਹਾਂ ਕਿਹਾ ਕਿ ਪਿਛਲੇ ਪੰਜਾਂ ਸਾਲਾਂ ਦੀਆਂ ਕਾਂਗਰਸ ਦੀਆਂ ਲੋਕ ਮਾਰੂ ਨੀਤੀਆਂ ਨੇ ਪੰਜਾਬ ਨੂੰ ਪੰਜਾਹ ਸਾਲ ਪਿੱਛੇ ਧੱਕ ਦਿੱਤਾ ਹੈ। ਕਾਂਗਰਸ ਤੋਂ ਬਾਅਦ ‘ਆਪ’ ਨੇ ਪੰਜਾਬ ਦੇ ਲੋਕਾਂ ਨੂੰ ਝੂਠ ਵਿੱਚ ਉਲਝਾਉਣਾ ਸ਼ੁਰੂ ਕੀਤਾ ਹੋਇਆ ਹੈ ਪਰ ਪੰਜਾਬ ਦੇ ਲੋਕ ਦਿੱਲੀ ਵਾਲਿਆਂ ਦੀਆਂ ਲੂੰਬੜ ਚਾਲਾਂ ਨੂੰ ਭਲੀ ਭਾਂਤ ਜਾਣ ਚੁੱਕੇ ਹਨ। ਉਹ ਇਸ ਵਾਰ ਪੰਜ ਵਰ੍ਹੇ ਪਹਿਲਾਂ ਕੀਤੀ ਗਲਤੀ ਨਹੀਂ ਦੁਹਰਾਉਣਗੇ । ਚੋਣ ਜਲਸੇ ਵਿੱਚ ਜਗਦੀਸ਼ ਗੋਰਸੀਆਂ, ਪ੍ਰਗਟ ਢਿੱਲੋਂ, ਗੁਰਮੀਤ ਬਲੀਪੁਰ, ਰਜਿੰਦਰ ਝੱਮਟ, ਸ਼ੰਕਰ ਸਿੰਘ ਸਾਬਕਾ ਸਰਪੰਚ, ਚੇਅਰਮੈਨ ਸੁਰਜੀਤ ਸਿੰਘ, ਮਨਜਿੰਦਰ ਖੇੜੀ, ਬਲਜੀਤ ਦਿਓਲ, ਗੁਰਮੇਲ ਪ੍ਰਧਾਨ, ਜਗਰਾਜ ਤੱਤਲਾ ਹਾਜ਼ਰ ਸਨ।
ਇਯਾਲੀ ਵੱਲੋਂ ਕਾਂਗਰਸ ਤੇ ‘ਆਪ’ ਦੀ ਆਲੋਚਨਾ
ਮੁੱਲਾਂਪੁਰ ਦਾਖਾ (ਸੰਤੋਖ ਗਿੱਲ): ਚੋਣ ਪ੍ਰਚਾਰ ਦੇ ਆਖ਼ਰੀ ਦਿਨ ਵਿਧਾਨ ਸਭਾ ਹਲਕਾ ਦਾਖਾ ਤੋਂ ਸ਼੍ਰੋਮਣੀ ਅਕਾਲੀ ਦਲ ਅਤੇ ਬਹੁਜਨ ਸਮਾਜ ਪਾਰਟੀ ਦੇ ਉਮੀਦਵਾਰ ਮਨਪ੍ਰੀਤ ਸਿੰਘ ਇਯਾਲੀ ਨੇ ਚੋਣ ਪ੍ਰਚਾਰ ਲਈ ਸਾਰੀ ਤਾਕਤ ਝੋਕ ਦਿੱਤੀ ਅਤੇ ਕਈ ਪਿੰਡਾਂ ਵਿਚ ਚੋਣ ਜਲਸੇ ਕਰ ਕੇ ਵਿਰੋਧੀਆਂ ਨੂੰ ਫ਼ਿਕਰਾਂ ਵਿਚ ਪਾਇਆ। ਪਿੰਡ ਲਤਾਲਾ ਵਿਚ ਚੋਣ ਜਲਸੇ ਦੌਰਾਨ ਪਿੰਡ ਵਾਸੀਆਂ ਵੱਲੋਂ ਮਨਪ੍ਰੀਤ ਸਿੰਘ ਇਯਾਲੀ ਦੇ ਸਮਰਥਨ ਵਿੱਚ ਵੱਡਾ ਇਕੱਠ ਕਰ ਕੇ ਉਨ੍ਹਾਂ ਦਾ ਹੌਸਲਾ ਵਧਾਇਆ। ਇਯਾਲੀ ਨੇ ਦਾਅਵਾ ਕੀਤਾ ਕਿ ਉਨ੍ਹਾਂ ਹਮੇਸ਼ਾ ਸਾਫ਼ ਸੁਥਰੀ ਅਤੇ ਉਸਾਰੂ ਸਿਆਸਤ ਕੀਤੀ ਹੈ। ਉਨ੍ਹਾਂ ਕਾਂਗਰਸ ਸਰਕਾਰ ਦੇ ਕਾਰਜਕਾਲ ਦੌਰਾਨ ਹਲਕਾ ਦਾਖਾ ਵਿਚ ਬਦਲਾਖੋਰੀ ਦੀ ਸਿਆਸਤ ਦੇ ਦੋਸ਼ ਲਾਏ। ਇਯਾਲੀ ਨੇ ਕਿਹਾ ਕਿ ਪਿੰਡਾਂ ਵਿਚ ਦੁੱਧ ਅਤੇ ਖੇਤੀਬਾੜੀ ਸਹਿਕਾਰੀ ਸਭਾਵਾਂ ਦੀ ਚੋਣ ਮੌਕੇ ਲੋਕਤੰਤਰ ਦਾ ਗਲ਼ਾ ਘੁੱਟਿਆ ਪ੍ਰੰਤੂ ਜ਼ਿਆਦਤੀਆਂ ਅਤੇ ਧੱਕੇਸ਼ਾਹੀਆਂ ਤੋਂ ਅੱਕੇ ਹੋਏ ਲੋਕ ਇਨ੍ਹਾਂ ਵਿਧਾਨ ਸਭਾ ਚੋਣਾਂ ਵਿੱਚ ਮੂੰਹ ਤੋੜ ਜਵਾਬ ਦੇਣਗੇ। ਜਥੇਦਾਰ ਮਹਿੰਦਰ ਸਿੰਘ, ਜਥੇਦਾਰ ਜਗਤਾਰ ਸਿੰਘ, ਦਲਜੀਤ ਸਿੰਘ ਲਾਲਾ ਤੋਂ ਇਲਾਵਾ ਕਈ ਅਕਾਲੀ ਆਗੂ ਅਤੇ ਵਰਕਰ ਹਾਜ਼ਰ ਸਨ। ਪਿੰਡ ਜੁੜਾਹਾਂ, ਸਰਾਭਾ, ਦਾਖਾ ਵਿਚ ਵੀ ਚੋਣ ਜਲਸੇ ਕੀਤੇ ਗਏ। ਚੋਣ ਪ੍ਰਚਾਰ ਦੇ ਆਖ਼ਰੀ ਦਿਨ ਮੁੱਲਾਂਪੁਰ ਸ਼ਹਿਰ ਦੇ ਕਈ ਵਾਰਡਾਂ ਅਤੇ ਮਾਰਕੀਟਾਂ ਵਿਚ ਇਯਾਲੀ ਅਤੇ ਉਨ੍ਹਾਂ ਦੇ ਸਮਰਥਕਾਂ ਨੇ ਘਰ-ਘਰ ਵੋਟਾਂ ਮੰਗੀਆਂ।