ਸੰਤੋਖ ਗਿੱਲ
ਗੁਰੂਸਰ ਸੁਧਾਰ, 10 ਜੁਲਾਈ
ਕਿਲ੍ਹਾ ਰਾਏਪੁਰ ਵਿਚ ਅਡਾਨੀਆਂ ਦੀ ਖ਼ੁਸ਼ਕ ਬੰਦਰਗਾਹ ਸਾਹਮਣੇ ਧਰਨਾਕਾਰੀਆਂ ਨੂੰ ਸੰਬੋਧਨ ਕਰਦਿਆਂ ਜਮਹੂਰੀ ਕਿਸਾਨ ਸਭਾ ਦੇ ਜ਼ਿਲ੍ਹਾ ਸਕੱਤਰ ਰਘਵੀਰ ਸਿੰਘ ਬੈਨੀਪਾਲ ਅਤੇ ਜਗਤਾਰ ਸਿੰਘ ਚਕੋਹੀ ਨੇ ਕਿਹਾ ਕਿ ਅਤਿ ਦੀ ਗਰਮੀ ਅਤੇ ਬਿਜਲੀ ਕਟੌਤੀ ਦੀ ਮਾਰ ਝੱਲ ਰਹੇ ਕਿਸਾਨ ਝੋਨਾ ਪਾਲਣ ਲਈ ਮਹਿੰਗੇ ਭਾਅ ਦਾ ਡੀਜ਼ਲ ਫੂਕਣ ਲਈ ਮਜਬੂਰ ਹਨ। ਉਨ੍ਹਾਂ ਕਿਹਾ ਕਿ ਗਿਣੀ ਮਿਥੀ ਸਾਜਿਸ਼ ਤਹਿਤ ਹੀ ਜਨਤਕ ਅਦਾਰਿਆਂ ਦੇ ਥਰਮਲ ਪਲਾਂਟ ਇਕ-ਇਕ ਕਰ ਕੇ ਬੰਦ ਕੀਤੇ ਗਏ ਅਤੇ ਨਿੱਜੀ ਕੰਪਨੀਆਂ ਦੇ ਘਰ ਭਰਨ ਲਈ ਕੀਤੇ ਸਮਝੌਤਿਆਂ ਦਾ ਨਤੀਜਾ ਸਭ ਦੇ ਸਾਹਮਣੇ ਹੈ। ਕਿਸਾਨ ਆਗੂਆਂ ਨੇ ਮੰਗ ਕੀਤੀ ਕਿ ਪ੍ਰਾਈਵੇਟ ਬਿਜਲੀ ਕੰਪਨੀਆਂ ਨੂੰ ਸਰਕਾਰ ਕਬਜ਼ੇ ਵਿੱਚ ਲੈ ਕੇ ਮੁਲਾਜ਼ਮਾਂ ਦੀ ਸਿੱਧੀ ਅਤੇ ਪੱਕੀ ਭਰਤੀ ਕਰ ਕੇ ਲੋਕਾਂ ਨੂੰ ਬਿਜਲੀ ਦੇ ਸੰਕਟ ਤੋਂ ਰਾਹਤ ਦੇਵੇ। ਧਰਨੇ ਦੀ ਅਗਵਾਈ ਰਾਜਿੰਦਰ ਕੌਰ ਨੇ ਕੀਤੀ। ਇਸ ਮੌਕੇ ਜਨਵਾਦੀ ਇਸਤਰੀ ਸਭਾ ਦੀ ਆਗੂ ਅਮਨਦੀਪ ਕੌਰ, ਮਹਿੰਦਰ ਕੌਰ, ਸੁਖਵਿੰਦਰ ਕੌਰ, ਜਮਹੂਰੀ ਕਿਸਾਨ ਸਭਾ ਦੇ ਸੁਰਜੀਤ ਸਿੰਘ ਸੀਲੋਂ, ਸ਼ਹੀਦ ਭਗਤ ਸਿੰਘ ਨੌਜਵਾਨ ਸਭਾ ਦੇ ਹਰਨੇਕ ਸਿੰਘ ਗੁੱਜਰਵਾਲ ਨੇ ਵੀ ਸੰਬੋਧਨ ਕੀਤਾ।