ਨਿੱਜੀ ਪੱਤਰ ਪ੍ਰੇਰਕ
ਜਗਰਾਉਂ, 27 ਅਪਰੈਲ
ਪੰਜਾਬ ਭਰ ’ਚ ਬਿਜਲੀ ਸਪਲਾਈ ਦੀ ਮਾੜੀ ਹਾਲਤ ਖ਼ਿਲਾਫ਼ ਅੱਜ ਇੱਥੇ ਦੂਜੀ ਵਾਰ ਐਕਸੀਅਨ ਦਫ਼ਤਰ ਦਾ ਘਿਰਾਓ ਕੀਤਾ ਗਿਆ। ਬੀਕਯੂ ਏਕਤਾ (ਡਕੌਂਦਾ) ਦੀ ਅਗਵਾਈ ਹੇਠ ਕਿਸਾਨਾਂ ਤੇ ਆਮ ਲੋਕਾਂ ਨੇ ਦਫ਼ਤਰ ਬਾਹਰ ਮੁਜ਼ਾਹਰਾ ਕੀਤਾ। ਇਸ ਸਮੇਂ ਰੋਸ ਵਜੋਂ ਭਗਵੰਤ ਮਾਨ ਅਤੇ ‘ਆਪ’ ਸਰਕਾਰ ਖ਼ਿਲਾਫ਼ ਮੁਰਦਾਬਾਦ ਦੇ ਨਾਅਰੇ ਗੂੰਜੇ। ਪ੍ਰਦਰਸ਼ਨਕਾਰੀਆਂ ਨੇ ਚੌਵੀ ਘੰਟੇ ਨਿਰਵਿਘਨ ਅਤੇ ਘੱਟ ਰੇਟ ’ਤੇ ਬਿਜਲੀ ਦੀ ਸਪਲਾਈ ਮੰਗੀ। ਕਿਸਾਨ ਜਥੇਬੰਦੀ ਦੇ ਜ਼ਿਲ੍ਹਾ ਪ੍ਰਧਾਨ ਮਹਿੰਦਰ ਸਿੰਘ ਕਮਾਲਪੁਰਾ, ਸਕੱਤਰ ਇੰਦਰਜੀਤ ਸਿੰਘ ਧਾਲੀਵਾਲ ਤੇ ਹੋਰਨਾਂ ਨੇ ਕਿਹਾ ਕਿ ਇਸ ਤੋਂ ਹਫ਼ਤਾ ਪਹਿਲਾਂ ਵੀ ਪਾਵਰਕੌਮ ਅਧਿਕਾਰੀਆਂ ਨੂੰ ਕਿਸਾਨ ਦਾ ਵਫ਼ਦ ਮਿਲਿਆ ਸੀ। ਉਸ ਸਮੇਂ ਵੀ ਬਿਜਲੀ ਸਪਲਾਈ ਦਾ ਭਰੋਸਾ ਦਿੱਤਾ ਗਿਆ ਸੀ ਪਰ ਪਰਨਾਲਾ ਉੱਥੇ ਦਾ ਉੱਥੇ ਹੀ ਹੈ। ਸਗੋਂ ਬਿਜਲੀ ਸਪਲਾਈ ਅੱਗੇ ਨਾਲੋਂ ਵੀ ਬਦਤਰ ਹੋਈ। ਉਨ੍ਹਾਂ ਕਿਹਾ ਕਿ ਅੱਤ ਦੀ ਗਰਮੀ ਨੇ ਲੋਕਾਂ ਦਾ ਜਿਊਣਾ ਦੁੱਭਰ ਕੀਤਾ ਹੋਇਆ ਹੈ ਤੇ ਦੂਜੇ ਬੰਨੇ ਖੇਤੀ ਮੋਟਰਾਂ ਲਈ ਬਿਜਲੀ ਸਪਲਾਈ ਨਾ ਮਾਤਰ ਹੋਣ ਕਾਰਨ ਝੋਨੇ ਦੀ ਬਿਜਾਈ ਪੱਛੜੀ ਰਹੀ ਹੈ। ਉਨ੍ਹਾਂ ਕਿਹਾ ਕਿ ਮੌਸਮ ਦੀ ਖਰਾਬੀ ਦੇ ਮੱਦੇਨਜ਼ਰ ਕਣਕ ਦਾ ਝਾੜ ਘਟਣ ਕਾਰਨ ਪਹਿਲਾਂ ਹੀ ਕਿਸਾਨਾਂ ਦਾ ਭਾਰੀ ਨੁਕਸਾਨ ਹੋਇਆ ਹੈ ਤੇ ਹੁਣ ਕਿਸਾਨਾਂ ਮਾੜੇ ਬਿਜਲੀ ਪ੍ਰਬੰਧਾਂ ਦੀ ਮਾਰ ਝੱਲਣੀ ਪੈ ਰਹੀ ਹੈ। ਕਾਰਜਕਾਰੀ ਇੰਜਨੀਅਰ ਗੁਰਪ੍ਰੀਤ ਸਿੰਘ ਨੇ ਭਰੋਸਾ ਦਿੱਤਾ ਕਿ ਦੋ ਦਿਨ ਦੇ ਅੰਦਰ ਅੰਦਰ ਬਿਜਲੀ ਸਪਲਾਈ ’ਚ ਸੁਧਾਰ ਕਰ ਦਿੱਤਾ ਜਾਵੇਗਾ। ਉਪਰੰਤ ਕਿਸਾਨਾਂ ਦਾ ਵਫ਼ਦ ਵਧੀਕ ਡਿਪਟੀ ਕਮਿਸ਼ਨਰ ਨਯਨ ਜੱਸਲ ਅਤੇ ਐੱਸਡੀਐੱਮ ਵਿਕਾਸ ਹੀਰਾ ਨੂੰ ਮਿਲਿਆ ਤੇ ਸਬੰਧਤ ਮਸਲੇ ’ਚ ਬਿਜਲੀ ਮੰਤਰੀ ਰਾਹੀਂ ਬਿਜਲੀ ਸਪਲਾਈ ’ਚ ਪੂਰੇ ਸੁਧਾਰ ਦੀ ਮੰਗ ਕੀਤੀ। ਦੋਹਾਂ ਅਧਿਕਾਰੀਆਂ ਤੋਂ ਸ਼ਹੀਦ ਕਿਸਾਨ ਪਰਿਵਾਰਾਂ ਦੇ ਆਸ਼ਰਿਤਾਂ ਲਈ ਲਟਕ ਰਹੇ ਨੌਕਰੀ ਤੇ ਮੁਆਵਜ਼ੇ ਦੀ ਮੰਗ ਨੂੰ ਜਲਦ ਅਮਲ ’ਚ ਲਿਆਉਣ ਅਤੇ ਫ਼ਸਲਾਂ ਦੇ ਖ਼ਰਾਬੇ ਦਾ ਮੁਆਵਜ਼ਾ ਜਲਦ ਜਾਰੀ ਕਰਨ ਦੀ ਮੰਗ ਕਰਦਿਆਂ ਸੰਘਰਸ਼ ਤਿੱਖਾ ਕਰਨ ਦੀ ਚਿਤਾਵਨੀ ਦਿੱਤੀ ਗਈ। ਇਸ ਸਮੇਂ ਰੋਸ ਪ੍ਰਦਰਸ਼ਨ ’ਚ ਕਿਸਾਨ ਆਗੂ ਧਰਮ ਸਿੰਘ ਸੂਜਾਪੁਰ, ਹਰਚੰਦ ਸਿੰਘ ਢੋਲਣ, ਗੁਰਚਰਨ ਸਿੰਘ ਗੁਰੂਸਰ, ਅਰਜਨ ਸਿੰਘ ਖੇਲਾ, ਬਚਿੱਤਰ ਸਿੰਘ ਜਨੇਤਪੁਰਾ, ਜਸਵਿੰਦਰ ਸਿੰਘ ਕਾਕਾ, ਹਰਬੰਸ ਸਿੰਘ ਬਾਰਦੇਕੇ, ਕੁੰਡਾ ਸਿੰਘ ਕਾਉਂਕੇ ਆਦਿ ਹਾਜ਼ਰ ਸਨ।
ਸਵੇਰ ਤੋਂ ਸ਼ਾਮ ਤੱਕ ਲੱਗੇ ਕੱਟ ਤੋਂ ਲੋਕ ਪ੍ਰੇਸ਼ਾਨ
ਸੂਬੇ ਵਿੱਚ ਲੋਕ ਗਰਮੀ ਦੇ ਕਹਿਰ ਅਤੇ ਬਿਜਲੀ ਕੱਟਾਂ ਤੋਂ ਕਾਫ਼ੀ ਪ੍ਰੇਸ਼ਾਨ ਹਨ। ਜਗਰਾਉਂ ਅਤੇ ਆਸਪਾਸ ਦੇ ਇਲਾਕੇ ’ਚ ਅੱਜ ਸਵੇਰੇ ਹੀ ਬਿਜਲੀ ਦਾ ਕੱਟ ਲੱਗ ਗਿਆ। ਸਵੇਰ ਤੋਂ ਦੁਪਹਿਰ ਲੰਘੀ ਅਤੇ ਸ਼ਾਮ ਪੈ ਗਈ ਪਰ ਲੋਕ ਬਿਜਲੀ ਉਡੀਕੇ ਥੱਕ ਗਏ। ਪਾਵਰਕੌਮ ਨਾਲ ਜੁੜੇ ਅਧਿਕਾਰੀ ਦੱਸ ਦੇ ਹਨ ਅਗਲੇ ਦਿਨਾਂ ’ਚ ਬਿਜਲੀ ਸੰਕਟ ਤੋਂ ਡੂੰਘਾ ਹੋ ਸਕਦਾ ਹੈ। ਬਿਜਲੀ ਨਾ ਆਉਣ ਕਰ ਕੇ ਬਹੁਤ ਸਾਰੇ ਲੋਕਾਂ ਦੇ ਰੁਜ਼ਗਾਰ ਨੂੰ ਵੀ ਭਾਰੀ ਸੱਟ ਵੱਜ ਰਹੀ ਹੈ।