ਗੁਰਿੰਦਰ ਸਿੰਘ
ਲੁਧਿਆਣਾ, 22 ਸਤੰਬਰ
ਸ਼ਹੀਦ ਭਗਤ ਸਿੰਘ ਨਗਰ ਨੇੜੇ ਸੁਨੇਤ ਫਾਟਕ ਕੋਲ ਲੱਗੇ ਕੂੜੇ ਦੇ ਵੱਡੇ ਢੇਰਾਂ ਕਾਰਨ ਲੋਕ ਨਰਕ ਭਰੀ ਜ਼ਿੰਦਗੀ ਬਿਤਾ ਰਹੇ ਹਨ ਕਿਉਂਕਿ ਗੰਦਗੀ ਕਾਰਨ ਬਦਬੂ ਅਤੇ ਬਿਮਾਰੀਆਂ ਦੇ ਖਤਰੇ ਨੇ ਉਨ੍ਹਾਂ ਦਾ ਜਿਊਣਾ ਦੁੱਭਰ ਕੀਤਾ ਹੋਇਆ ਹੈ। ਇਲਾਕਾ ਵਾਸੀਆਂ ਵੱਲੋਂ ਇਸ ਕੂੜੇ ਦੇ ਡੰਪ ਨੂੰ ਇਥੋਂ ਬਦਲਣ ਲਈ ਅਧਿਕਾਰੀਆਂ ਨੂੰ ਕਈ ਵਾਰ ਸ਼ਿਕਾਇਤਾਂ ਵੀ ਕੀਤੀਆਂ ਗਈਆਂ ਹਨ ਪਰ ਕਿਸੇ ਨੇ ਕੋਈ ਸਾਰ ਨਹੀਂ ਲਈ। ਸ਼ਹੀਦ ਭਗਤ ਸਿੰਘ ਨਗਰ ਦੇ ਡਬਲ ਰੋਡ ਤੇ ਬਣੀ ਸੜਕ ਦੇ ਇੱਕ ਪਾਸੇ ਕੂੜੇ ਦਾ ਢੇਰ ਬਣਾ ਦਿੱਤਾ ਗਿਆ ਹੈ ਜਿਸ ਕਾਰਨ ਦੋਹਾਂ ਪਾਸਿਆਂ ਦੀ ਆਵਾਜਾਈ ਇਕ ਹੀ ਸੜਕ ਤੋਂ ਗੁਜ਼ਰਦੀ ਹੈ। ਇੱਥੇ ਚਿੱਕੜ ਕਾਰਨ ਤਿਲਕਵੀਂ ਥਾਂ ਤੇ ਨਿੱਤ ਦਿਨ ਹਾਦਸੇ ਵਪਾਰ ਰਹੇ ਹਨ। ਇਸ ਬਾਰੇ ਐਡਵੋਕੇਟ ਬਿਕਰਮ ਸਿੰਘ ਸਿੱਧੂ ਮੈਂਬਰ ਕਾਰਜਕਰਨੀ ਕਮੇਟੀ ਭਾਰਤੀ ਜਨਤਾ ਪਾਰਟੀ ਪੰਜਾਬ ਨੇ ਨਗਰ ਨਿਗਮ ਦੇ ਕਮਿਸ਼ਨਰ ਨੂੰ ਪੱਤਰ ਲਿਖ ਕੇ ਇਹ ਕੂੜਾ ਡੰਪ ਇਥੋਂ ਬਦਲਣ ਦੀ ਮੰਗ ਕੀਤੀ ਹੈ। ਉਨ੍ਹਾਂ ਕਿਹਾ ਕਿ ਜੇਕਰ 21 ਦਿਨਾਂ ਤੱਕ ਕੋਈ ਕਾਰਵਾਈ ਨਾ ਹੋਈ ਤਾਂ ਇੱਥੇ ਪੱਕਾ ਧਰਨਾ ਲਗਾਇਆ ਜਾਵੇਗਾ। ਇਸ ਦੌਰਾਨ ਨਿਗਮ ਦੀ ਸਿਹਤ ਵਿਭਾਗ ਦੇ ਅਧਿਕਾਰੀ ਨੇ ਦੱਸਿਆ ਹੈ ਕਿ ਇਸ ਬਾਰੇ ਕੋਈ ਲਿਖਤੀ ਸ਼ਿਕਾਇਤ ਨਹੀਂ ਮਿਲੀ। ਸ਼ਿਕਾਇਤ ਮਿਲਣ ਉਪਰੰਤ ਪੜਤਾਲ ਕਰਕੇ ਹੀ ਅਗਲੀ ਕਾਰਵਾਈ ਕੀਤੀ ਜਾਵੇਗੀ।