ਪੱਤਰ ਪ੍ਰੇਰਕ
ਜਗਰਾਉਂ, 27 ਜੂਨ
ਸਮੁੱਚੇ ਇਲਾਕੇ ਸਮੇਤ ਸਿੱਧਵਾਂ ਬੇਟ ਅਤੇ ਹਠੂਰ ’ਚ ਪਿਛਲੇ ਦਿਨਾਂ ਤੋਂ ਇੰਟਰਨੈੱਟ ਸੇਵਾਵਾਂ ਦਾ ਮੰਦਾ ਹਾਲ ਹੈ। ਸਕੂਲਾਂ, ਕਾਲਜਾਂ ’ਚ ਪੜ੍ਹਨ ਵਾਲੇ ਵਿਦਿਆਰਥੀ ਜਿਨ੍ਹਾਂ ਦੀਆਂ ਆਨਲਾਈਨ ਸਿਸਟਮ ਰਾਹੀਂ ਜਮਾਤਾਂ ਲੱਗਦੀਆਂ ਹਨ, ਉਹ ਡਾਢਾ ਪ੍ਰੇਸ਼ਾਨ ਹੈ। ਨਿੱਜੀ ਕੰਪਨੀਆਂ ਜਿਵੇਂ ਏਅਰਟੈਲ, ਵੋਡਾਫੋਨ-ਆਈਡੀਆ ਦਾ ਤਾਂ ਪਿੰਡਾਂ ’ਚ ਲੰਮੇ ਸਮੇਂ ਤੋਂ ਮਾੜਾ ਹਾਲ ਹੈ ਪਰ ਪਿਛਲੇ ਕੁੱਝ ਦਿਨ੍ਹਾਂ ਤੋਂ ਦੂਰ-ਸੰਚਾਰ ਵਿਭਾਗ (ਬੀ.ਐੱਸ.ਐੱਨ.ਐੱਲ) ਦੇ ਸਿਸਟਮ ’ਚ ਵੀ ਖਰਾਬੀ ਚੱਲ ਰਹੀ ਹੈ। ਪੜ੍ਹਨ ਵਾਲੇ ਵਿਦਿਆਰਥੀ ਅਮਨਦੀਪ ਸਿੰਘ, ਪਰਮਵੀਰ ਸਿੰਘ ਨੇ ਦੱਸਿਆ ਕਿ ਕਈ ਵਾਰ ਤਾਂ ਚਲਦੀ ਪੜ੍ਹਾਈ ਦੌਰਾਨ ਹੀ ਸਾਰਾ ਕੁੱਝ ਠੱਪ ਹੋ ਜਾਂਦਾ ਹੈ। ਇਸ ਤੋਂ ਪਹਿਲਾਂ ਪਿੰਡ ਕਾਉਂਕੇ ਕਲਾਂ ਦੇ ਲੋਕ ਵੀ ਇੰਟਰਨੈੱਟ ਸਬੰਧੀ ਸ਼ਿਕਾਇਤਾਂ ਕਰ ਚੁੱਕੇ ਹਨ। ਵਿਦਿਆਰਥੀਆਂ ਦਾ ਤਰਕ ਹੈ ਕਿ ਜਦੋਂ ਇੰਟਰਨੈੱਟ ਪੈਕ ’ਚ ਕੋਈ ਰਾਹਤ ਕੰਪਨੀਆਂ ਵੱਲੋਂ ਨਹੀਂ ਦਿੱਤੀ ਜਾਂਦੀ ਤਾਂ ਸਿਸਟਮ ’ਚ ਵੀ ਕੋਈ ਖਰਾਬੀ ਨਹੀਂ ਆਉਣੀ ਚਾਹੀਦੀ, ਜੇਕਰ ਫਿਰ ਵੀ ਖਰਾਬੀ ਆਉਂਦੀ ਹੈ ਤਾਂ ਉਸਦੀ ਭਰਪਾਈ ਕੰਪਨੀਆਂ ਨੂੰ ਕਰਨੀ ਚਾਹੀਦੀ ਹੈ। ਇਸ ਲੰਘੇ ਹਫ਼ਤੇ ’ਚ ਕਈ ਵਾਰ ਬੀਐੱਸਐੱਨਐੱਲ ਦਾ ਸਾਰਾ ਸਿਸਟਮ ਬੰਦ ਹੋ ਜਾਣ ਕਾਰਨ ਵਿਦਿਆਰਥੀ ਵਰਗ ਦੀ ਪੜ੍ਹਾਈ ਦਾ ਭਾਰੀ ਨੁਕਸਾਨ ਹੋਇਆ ਹੈ। ਬੀਐੱਸਐੱਨਐੱਲ ਦੇ ਐੱਸਡੀਓ ਗੋਇਲ ਨੇ ਦੱਸਿਆ ਕਿ ਪਿਛਲੇ ਦਿਨੀ ਪਿੱਛੋਂ ਹੀ ਤਕਨੀਕੀ ਖਰਾਬੀ ਕਾਰਨ ਸੇਵਾਵਾਂ ’ਚ ਖੜੋਤ ਆਈ ਸੀ, ਹੁਣ ਸਭ ਠੀਕ ਚੱਲ ਰਿਹਾ ਹੈ।