ਦੇਵਿੰਦਰ ਸਿੰਘ ਜੱਗੀ
ਪਾਇਲ, 26 ਮਈ
ਨੇੜਲੇ ਪਿੰਡ ਘੁਡਾਣੀ ਖੁਰਦ ਦੀ ਪੰਚਾਇਤ ਵੱਲੋਂ ਵੋਟਾਂ ਤੋਂ ਪਹਿਲਾਂ 126 ਦੇ ਕਰੀਬ ਗਰੀਬ ਪਰਿਵਾਰਾਂ ਨੂੰ 2-2 ਮਰਲੇ ਦੇ ਪਲਾਟਾਂ ਦੀਆਂ ਸਨਦਾਂ ਦਿੱਤੀਆਂ ਗਈਆਂ ਸਨ ਪਰ ਅੱਜ ਤੱਕ ਪੰਚਾਇਤ ਵੱਲੋਂ ਕਿਸੇ ਨੂੰ ਕੋਈ ਪਲਾਟ ਨਹੀਂ ਦਿੱਤਾ ਗਿਆ। ਉਲਟਾ ਪੰਚਾਇਤ ਵੱਲੋਂ ਪਲਾਟਾਂ ਵਾਲੀ 9 ਵਿੱਘੇ ਜ਼ਮੀਨ ਦੀ ਬੋਲੀ ਕਰਵਾਉਣ ਦੀ ਕੋਸ਼ਿਸ਼ ਕੀਤੀ ਗਈ ਪਰ ਪਿੰਡ ਵਾਸੀਆਂ ਨੇ ਬੋਲੀ ਨਹੀਂ ਹੋਣ ਦਿੱਤੀ। ਅੱਜ ਇਹ ਮਾਮਲਾ ਹਲਕਾ ਵਿਧਾਇਕ ਦੇ ਦਫਤਰ ਪੁੱਜ ਗਿਆ, ਜਿੱਥੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਬਲਵਿੰਦਰ ਸਿੰਘ, ਕੇਸਰ ਸਿੰਘ, ਇਕਬਾਲ ਸਿੰਘ, ਗੁਰਪ੍ਰੀਤ ਕੌਰ ਸਾਰੇ ਪੰਚ, ਬਲਵੀਰ ਸਿੰਘ ਨੇ ਦੱਸਿਆ ਕਿ ਵੋਟਾਂ ਤੋਂ ਇੱਕ ਦਿਨ ਪਹਿਲਾਂ ਵੋਟਾਂ ਲੈਣ ਲਈ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਅਤੇ ਵਿਧਾਇਕ ਲਖਵੀਰ ਸਿੰਘ ਲੱਖਾ ਦੀਆਂ ਫੋਟੋਆਂ ਵਾਲੀਆਂ 2-2 ਮਰਲੇ ਦੇ ਪਲਾਟਾਂ ਦੀਆਂ ਸਨਦਾਂ ਵੰਡੀਆਂ ਗਈਆਂ ਪਰ ਅੱਜ ਤੱਕ ਪਲਾਟ ਨਹੀਂ ਦਿੱਤੇ ਗਏ। ਉਨ੍ਹਾਂ ਕਿਹਾ ਕਿ ਪੰਚਾਇਤ ਵੱਲੋਂ ਪਲਾਟਾਂ ਦਾ ਮਤਾ ਵੀ ਬੀਡੀਪੀਓ ਦਫਤਰ ਭੇਜਿਆ ਗਿਆ ਪਰ ਮਾਮਲਾ ਜਿਉਂ ਦਾ ਤਿਉਂ ਹੈ। ਇਨ੍ਹਾਂ ਪੰਚਾਂ ਤੇ ਲੋਕਾਂ ਨੇ ਸਰਪੰਚ ’ਤੇ ਦੋਸ਼ ਲਾਇਆ ਕਿ ਉਸ ਵੱਲੋਂ ਰਿਜ਼ਰਵ ਕੋਟੇ ਵਾਲੀ 9 ਵਿੱਘੇ ਜ਼ਮੀਨ ਦੀ ਬੋਲੀ ਕਰਵਾਈ ਜਾਣ ਲੱਗੀ ਸੀ ਜਿਸ ਨੂੰ ਉਨ੍ਹਾਂ ਰੋਕ ਦਿੱਤਾ ਕਿਉਂਕਿ ਇਸ ਜ਼ਮੀਨ ਵਿੱਚੋਂ ਪਲਾਟ ਕੱਟ ਕੇ ਦੇਣੇ ਸਨ। ਉਨ੍ਹਾਂ ਕਿਹਾ ਕਿ ਉਹ ਇਨ੍ਹਾਂ ਪਲਾਟਾਂ ਦਾ ਮਾਮਲਾ ਲੈ ਕੇ ਇਨਸਾਫ ਲੈਣ ਲਈ ਵਿਧਾਇਕ ਮਨਵਿੰਦਰ ਸਿੰਘ ਗਿਆਸਪੁਰਾ ਦੇ ਦਫਤਰ ਪੁੱਜੇ ਹਨ ਪਰ ਉਹ ਵਿਧਾਇਕ ਨਹੀਂ ਮਿਲ ਸਕੇ, ਫਿਰ ਉਹ ਬੀਡੀਪੀਓ ਦੋਰਾਹਾ ਨੂੰ ਮਿਲੇ। ਪੰਚ ਕੇਸਰ ਸਿੰਘ ਨੇ ਦੱਸਿਆ ਕਿ ਬੀਡੀਪੀਓ ਦੋਰਾਹਾ ਨੂੰ ਪਲਾਟਾਂ ਸਬੰਧੀ ਦਰਖਾਸਤ ਦਿੱਤੀ ਗਈ ਹੈ ਜਿਨ੍ਹਾਂ ਨੇ ਪਲਾਟ ਦੇਣ ਸਬੰਧੀ ਭਰੋਸਾ ਦਿੱਤਾ ਹੈ।
ਪਲਾਟਾਂ ਦਾ ਮਤਾ ਮਨਜ਼ੂਰ ਨਹੀਂ ਹੋਇਆ: ਸਰਪੰਚ
ਸਰਪੰਚ ਰਣਜੀਤ ਕੌਰ ਅਤੇ ਪੰਚ ਸਵਰਨਜੀਤ ਸਿੰਘ ਬਿੱਟੂ ਦਾ ਕਹਿਣਾ ਸੀ ਕਿ ਪਲਾਟਾਂ ਬਾਰੇ ਗਰਾਮ ਸਭਾ ਵਿੱਚ ਮਤਾ ਪਾ ਕੇ ਬੀਡੀਪੀਓ ਦਫਤਰ ਭੇਜਿਆ ਗਿਆ ਹੈ ਪਰ ਉੱਥੇ ਮਨਜ਼ੂਰ ਨਹੀਂ ਹੋਇਆ।