ਗੁਰਦੀਪ ਸਿੰਘ ਟੱਕਰ
ਮਾਛੀਵਾੜਾ, 11 ਫਰਵਰੀ
ਹਲਕਾ ਸਮਰਾਲਾ ਤੋਂ ਕਾਂਗਰਸ ਪਾਰਟੀ ਦੇ ਉਮੀਦਵਾਰ ਰੁਪਿੰਦਰ ਸਿੰਘ ਰਾਜਾ ਗਿੱਲ ਵੱਲੋਂ ਇੰਦਰਾ ਕਲੋਨੀ ਦੇ ਵਾਰਡ ਨੰਬਰ 14 ਤੇ 15 ਵਿੱਚ ਚੋਣ ਪ੍ਰਚਾਰ ਕਰਦਿਆਂ ਮੀਟਿੰਗਾਂ ਕੀਤੀਆਂ। ਇਸ ਮੌਕੇ ਇੰਪਰੂਵਮੈਂਟ ਟਰੱਸਟ ਦੇ ਚੇਅਰਮੈਨ ਸ਼ਕਤੀ ਆਨੰਦ ਨੇ ਇੰਦਰਾ ਕਾਲੋਨੀ ਵਾਸੀਆਂ ਦੀਆਂ ਸਮੱਸਿਆਵਾਂ ਧਿਆਨ ਵਿੱਚ ਲਿਆਉਂਦਿਆਂ ਦੱਸਿਆ ਕਿ ਬੇਸ਼ੱਕ ਮੁੱਖ ਮੰਤਰੀ ਚੰਨੀ ਨੇ ਲਾਲ ਲਕੀਰ ਅੰਦਰ ਬੈਠੇ ਸਾਰੇ ਹੀ ਵਸਨੀਕਾਂ ਨੂੰ ਉਨ੍ਹਾਂ ਦੇ ਘਰਾਂ ਦੇ ਮਾਲਕੀ ਹੱਕ ਦੇਣ ਦੀ ਪ੍ਰਕਿਰਿਆ ਮੁਕੰਮਲ ਕਰ ਲਈ ਸੀ ਪਰ ਚੋਣ ਜ਼ਾਬਤਾ ਜਲਦੀ ਲੱਗਣ ਕਾਰਨ ਕਲੋਨੀ ਵਾਸੀ ਅਜੇ ਵੀ ਇਸ ਸਹੂਲਤ ਤੋਂ ਵਾਂਝੇ ਹਨ। ਇੰਦਰਾ ਕਲੋਨੀ ਦੇ ਵਾਸੀਆਂ ਨਾਲ ਵਾਅਦਾ ਕਰਦਿਆਂ ਕਾਂਗਰਸੀ ਉਮੀਦਵਾਰ ਰੁਪਿੰਦਰ ਰਾਜਾ ਗਿੱਲ ਨੇ ਕਿਹਾ ਕਿ ਜੋ ਵੀ ਇਸ ਕਲੋਨੀ ਵਾਸੀਆਂ ਦੀਆਂ ਮੰਗਾਂ, ਜਿਸ ਵਿਚ ਘਰਾਂ ਦੀ ਰਜਿਸਟਰੀ, ਕਮਿਊਨਿਟੀ ਸੈਂਟਰ ਅਤੇ ਸਕੂਲ ਅਪਗ੍ਰੇਡ ਕਰਵਾਉਣ ਲਈ ਉਹ ਵਚਨਬੱਧ ਰਹਿਣਗੇ ਅਤੇ ਸਰਕਾਰ ਆਉਣ ’ਤੇ ਇਹ ਸਾਰੀਆਂ ਮੰਗਾਂ ਤੁਰੰਤ ਪੂਰੀਆਂ ਹੋਣਗੀਆਂ। ਇਸ ਮੌਕੇ ਸਾਬਕਾ ਮੰਤਰੀ ਈਸ਼ਰ ਸਿੰਘ ਮੇਹਰਬਾਨ, ਸਾਬਕਾ ਮੰਤਰੀ ਮਲਕੀਤ ਸਿੰਘ ਦਾਖਾ ਨੇ ਵੀ ਕਾਂਗਰਸ ਲਈ ਹਮਾਇਤ ਮੰਗੀ। ਸਮਰਾਲਾ(ਪੱਤਰ ਪ੍ਰੇਰਕ): ਸ਼੍ਰੋਮਣੀ ਅਕਾਲੀ ਦਲ ਤੇ ਬਸਪਾ ਗਠਜੋੜ ਦੇ ਸਾਂਝੇ ਉਮੀਦਵਾਰ ਪਰਮਜੀਤ ਸਿੰਘ ਢਿੱਲੋਂ ਦੇ ਹੱਕ ’ਚ ਸਮੁੱਚੇ ਵਰਕਰਾਂ ਵੱਲੋਂ ਚਲਾਈ ਜਾ ਰਹੀ ਚੋਣ ਮੁਹਿੰਮ ਨੂੰ ਇਸ ਵੇਲੇ ਸਮਰਾਲਾ ਸ਼ਹਿਰ ਤੋਂ ਇਲਾਵਾ ਇਲਾਕੇ ਦੇ ਵੱਖ-ਵੱਖ ਪਿੰਡਾਂ ’ਚ ਸ਼ਾਨਦਾਰ ਹੁੰਗਾਰਾ ਮਿਲ ਰਿਹਾ ਹੈ। ਪਿੰਡ ਰਾਜੇਵਾਲ ਵਿੱਚ ਪਰਮਜੀਤ ਸਿੰਘ ਢਿੱਲੋਂ ਨੂੰ ਲੱਡੂਆਂ ਨਾਲ ਤੋਲ ਕੇ ਪਿੰਡ ਵਾਸੀਆਂ ਨੇ ਆਪਣੀ ਖੁਸ਼ੀ ਦਾ ਇਜ਼ਹਾਰ ਕੀਤਾ। ਪਿੰਡ ਵਾਸੀਆਂ ਦੇ ਭਰਵੇ ਇਕੱਠ ਨੂੰ ਸੰਬੋਧਨ ਕਰਦਿਆਂ ਢਿੱਲੋਂ ਨੇ ਕਿਹਾ ਕਿ ਉਹ ਲੋਕਾਂ ਦੀ ਸੇਵਾ ਕਰਨ ਲਈ ਹੀ ਰਾਜਨੀਤੀ ’ਚ ਆਏ ਹਨ, ਕਿਉਂਕਿ ਕਾਂਗਰਸ ਪਾਰਟੀ ਦੀ ਸੂਬੇ ’ਚ ਸਰਕਾਰ ਹੁੰਦਿਆਂ ਵੀ ਮੌਜੂਦਾ ਵਿਧਾਇਕ 20 ਸਾਲਾਂ ’ਚ ਵੀ ਇਲਾਕੇ ਦਾ ਕੁਝ ਵੀ ਨਹੀਂ ਸਵਾਰ ਸਕੇ। ਪਿੰਡ ਦੇ ਸਰਪੰਚ ਸੁਖਪਾਲ ਸਿੰਘ ਤੇ ਹੋਰ ਪਤਵੰਤਿਆਂ ਨੇ ਪਰਮਜੀਤ ਢਿੱਲੋਂ ਨੂੰ ਹਮਾਇਤ ਦਾ ਭਰੋਸਾ ਦਿਵਾਇਆ।
ਹਕੀਕਤ ਵਿੱਚ ਕਰਾਂਗਾ ਇਲਾਕੇ ਦਾ ਰਿਕਾਰਡ ਤੋੜ ਵਿਕਾਸ: ਰੁਪਿੰਦਰ ਸਿੰਘ ਰਾਜਾ ਗਿੱਲ
ਸਮਰਾਲਾ (ਪੱਤਰ ਪ੍ਰੇਰਕ): ਇਥੇ ਦਰਜਨਾਂ ਪਰਿਵਾਰਾਂ ਨੇ ਕਾਂਗਰਸ ਪਾਰਟੀ ਦੇ ਉਮੀਦਵਾਰ ਰੁਪਿੰਦਰ ਸਿੰਘ ਰਾਜਾ ਗਿੱਲ ਦੀ ਅਗਵਾਈ ’ਚ ਕਾਂਗਰਸ ਪਾਰਟੀ ਨੂੰ ਆਪਣੀ ਹਮਾਇਤ ਦੇਣ ਦਾ ਐਲਾਨ ਕੀਤਾ। ਸ਼ਹਿਰ ਦੀ ਮੇਨ ਮਾਰਕੀਟ ਅਤੇ ਗੁਰੂ ਰਵਿਦਾਸ ਮੁਹੱਲੇ ’ਚ ਰੱਖੇ ਗਏ ਸਮਾਗਮ ਦੌਰਾਨ ਉਨਾਂ ਨੂੰ ਆਪਣਾ ਸਮਰਥਨ ਦੇਣ ਵਾਲਿਆਂ ’ਚ ਪ੍ਰੇਮ ਸਿੰਘ ਕੋਧਰ, ਜਗਮਿੰਦਰ ਸਿੰਘ, ਜਸਪਾਲ ਸਿੰਘ, ਕੁਲਦੀਪ ਸਿੰਘ, ਹਰਜਿੰਦਰ ਸਿੰਘ, ਰਮਨਜੀਤ ਸਿੰਘ, ਪ੍ਰਭਜੋਤ ਸਿੰਘ, ਹਰਵਿੰਦਰ ਸਿੰਘ, ਬੀਬੀ ਅਮਰਜੀਤ ਕੌਰ ਅਤੇ ਬੀਬੀ ਬਲਬੀਰ ਕੌਰ ਨੇ ਦੱਸਿਆ ਕਿ ਉਹ ਕਾਂਗਰਸ ਪਾਰਟੀ ਦੀਆਂ ਸਾਰਥਕ ਨੀਤੀਆਂ ਤੋਂ ਪ੍ਰਭਾਵਿਤ ਹਨ ਤੇ ਰਾਜਾ ਗਿੱਲ ਦੇ ਪਿਤਾ ਸਵਰਗੀ ਕਰਮ ਸਿੰਘ ਗਿੱਲ ਦੇ ਇਲਾਕੇ ’ਚ ਕੀਤੇ ਗਏ ਚੰਗੇ ਵਿਕਾਸ ਕਾਰਜਾਂ ਕਰ ਕੇ ਉਹ ਗਿੱਲ ਪਰਿਵਾਰ ਨਾਲ ਜੁੜ ਕੇ ਬੜਾ ਹੀ ਮਾਣ ਮਹਿਸੂਸ ਕਰ ਰਹੇ ਹਨ। ਕਾਂਗਰਸ ਪਾਰਟੀ ਦੇ ਉਮੀਦਵਾਰ ਰੁਪਿੰਦਰ ਸਿੰਘ ਰਾਜਾ ਗਿੱਲ ਨੇ ਲੋਕਾਂ ਦੇ ਇਕੱਠ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਉਹ ਇਲਾਕੇ ਦੇ ਵਿਕਾਸ ਦੀ ਜ਼ਿੰਮੇਵਾਰੀ ਉਨ੍ਹਾਂ ਨੂੰ ਸੌਂਪ ਕੇ ਚਿੰਤਾ ਮੁਕਤ ਹੋ ਜਾਣ।
ਲੋਕਾਂ ਨੂੰ ਕੰਮਾਂ ਲਈ ਮੇਰੇ ਕੋਲ ਆਉਣ ਦੀ ਲੋੜ ਨਹੀਂ ਮੈਂ ਉਨ੍ਹਾਂ ਦੇ ਘਰ ਤੱਕ ਜਾਵਾਂਗਾ: ਢਿੱਲੋਂ
ਮਾਛੀਵਾੜਾ(ਪੱਤਰ ਪ੍ਰੇਰਕ): ਹਲਕਾ ਸਮਰਾਲਾ ਤੋਂ ਸ਼੍ਰੋਮਣੀ ਅਕਾਲੀ ਦਲ-ਬਸਪਾ ਗਠਜੋੜ ਦੇ ਉਮੀਦਵਾਰ ਪਰਮਜੀਤ ਸਿੰਘ ਢਿੱਲੋਂ ਦੇ ਹੱਕ ਵਿਚ ਅੱਜ ਮਾਛੀਵਾੜਾ-ਰਾਹੋਂ ਰੋਡ ’ਤੇ ਨੌਜਵਾਨ ਆਗੂ ਅਵਤਾਰ ਸਿੰਘ ਗਿੱਲ ਵਲੋਂ ਭਰਵੀਂ ਮੀਟਿੰਗ ਰੱਖੀ ਗਈ। ਇਸ ਮੀਟਿੰਗ ਨੂੰ ਸੰਬੋਧਨ ਕਰਦਿਆਂ ਪਰਮਜੀਤ ਸਿੰਘ ਢਿੱਲੋਂ ਨੇ ਕਿਹਾ,‘‘ ਮੈਂ ਲੋਕਾਂ ਦਾ ਸੇਵਕ ਬਣ ਕੇ ਕੰਮ ਕਰਾਂਗਾਸ, ਜਿਸ ਲਈ ਇੱਕ ਵਾਰ ਇੱਥੋਂ ਅਕਾਲੀ ਦਲ ਗਠਜੋੜ ਦੇ ਉਮੀਦਵਾਰ ਨੂੰ ਜਿਤਾ ਕੇ ਵਿਧਾਨ ਸਭਾ ਭੇਜੋ।’’ ਨੌਜਵਾਨ ਪਰਮਜੀਤ ਸਿੰਘ ਢਿੱਲੋਂ ਨੇ ਇਹ ਵੀ ਦਾਅਵਾ ਕੀਤਾ,‘‘ਜਿੱਤ ਤੋਂ ਬਾਅਦ ਲੋਕਾਂ ਨੂੰ ਮੇਰੇ ਕੋਲ ਕੰਮ ਕਰਵਾਉਣ ਲਈ ਆਉਣ ਦੀ ਲੋੜ ਨਹੀਂ ਪਵੇਗੀ ਬਲਕਿ ਮੈਂ ਖੁਦ ਉਨ੍ਹਾਂ ਦੇ ਘਰ ਜਾ ਕੇ ਜੋ ਸਮੱਸਿਆਵਾਂ ਹਨ ਉਸ ਨੂੰ ਦੂਰ ਕਰਾਂਗਾ।’’ ਉਨ੍ਹਾਂ ਇਹ ਵੀ ਕਿਹਾ ਕਿ ਹਲਕਾ ਸਮਰਾਲਾ ’ਚ ਹਾਲਾਤ ਇਹ ਹਨ ਕਿ ਕਾਂਗਰਸ ਹੀ ਕਾਂਗਰਸ ਨੂੰ ਹਰਾਉਣ ਵਿੱਚ ਲੱਗੀ ਹੋਈ ਹੈ ਜਦਕਿ ‘ਆਪ’ ਦੇ ਉਮੀਦਵਾਰ ਉੱਪਰ ਲੋਕ ਵਿਸ਼ਵਾਸ ਨਹੀਂ ਕਰ ਰਹੇ ਇਸ ਲਈ ਲੋਕਾਂ ਦਾ ਰੁਝਾਨ ਸਪੱਸ਼ਟ ਤੌਰ ’ਤੇ ਅਕਾਲੀ-ਬਸਪਾ ਗਠਜੋੜ ਵੱਲ ਹੈ।