ਗੁਰਦੀਪ ਸਿੰਘ ਟੱਕਰ
ਮਾਛੀਵਾੜਾ, 4 ਜੁਲਾਈ
ਸਬ-ਤਹਿਸੀਲ ਕੂੰਮਕਲਾਂ ਅਧੀਨ ਪੈਂਦੇ ਚਾਰ ਪਿੰਡਾਂ ਦੀ ਕਰੀਬ 1000 ਏਕੜ ਜ਼ਮੀਨ ਵਿੱਚ ਮੱਤੇਵਾੜਾ ਦੇ ਜੰਗਲਾਂ ਅਤੇ ਸਤਲੁਜ ਦਰਿਆ ਕਿਨਾਰੇ ਬਣ ਰਹੇ ਟੈਕਸਟਾਈਲ ਸਨਅਤ ਪਾਰਕ ’ਤੇ ਹੁਣ ਸਿਆਸਤ ਹੁੰਦੀ ਦਿਖਾਈ ਦੇ ਰਹੀ ਹੈ। ਸੂਬੇ ਵਿੱਚ ਜਦੋਂ ਕਾਂਗਰਸ ਸਰਕਾਰ ਸੀ ਤਾਂ ਇਸ ਮੁੱਦੇ ’ਤੇ ‘ਆਪ’ ਵਿਰੋਧ ਕਰਦੀ ਰਹੀ ਅਤੇ ਹੁਣ ਜਦੋਂ ‘ਆਪ’ ਦੀ ਸਰਕਾਰ ਆਈ ਹੈ ਤਾਂ ਕਾਂਗਰਸ ਵਿਰੋਧ ਕਰ ਰਹੀ ਹੈ। ਪਿਛਲੀ ਕਾਂਗਰਸ ਸਰਕਾਰ ਦੌਰਾਨ ਕੇਂਦਰ ਤੇ ਪੰਜਾਬ ਸਰਕਾਰ ਦੇ ਸਾਂਝੇ ਉੱਦਮ ਨਾਲ ਮੱਤੇਵਾੜਾ ਦੇ ਜੰਗਲਾਂ ਨੇੜੇ ਪਿੰਡ ਸੇਲਕਿਆਣਾ, ਸੇਖੇਵਾਲ, ਹੈਦਰ ਨਗਰ, ਗੜ੍ਹੀ ਫਾਜ਼ਲ ਦੀ ਕਰੀਬ 1000 ਏਕੜ ਪੰਚਾਇਤੀ ਜ਼ਮੀਨ ਗ੍ਰਹਿਣ ਕਰ ਕੇ ਪੁੱਡਾ ਨੂੰ ਸੌਂਪ ਦਿੱਤੀ ਗਈ ਸੀ ਤਾਂ ਜੋ ਇੱਥੇ ਵੱਡਾ ਟੈਕਸਟਾਈਲ ਇੰਡਸਟਰੀ ਪਾਰਕ ਲਗਾਇਆ ਜਾ ਸਕੇ। ਸੰਨ 2020 ਵਿੱਚ ਇੱਥੇ ਇੰਸਡਟਰੀ ਲੱਗਣ ਬਾਰੇ ਜਦੋਂ ਲੋਕਾਂ ਨੂੰ ਪਤਾ ਲੱਗਾ ਤਾਂ ਟੈਕਸਟਾਈਲ ਇੰਡਸਟਰੀ ਪਾਰਕ ਦਾ ਵਿਰੋਧ ਸ਼ੁਰੂ ਹੋ ਗਿਆ।
ਉਸ ਵੇਲੇ ਕਾਂਗਰਸ ਸਰਕਾਰ ਇਸ ਇੰਡਸਟਰੀ ਪਾਰਕ ਦੇ ਹੱਕ ਵਿੱਚ ਸੀ ਅਤੇ ਕਿਸੇ ਵੀ ਕਾਂਗਰਸੀ ਆਗੂ ਨੇ ਵਿਰੋਧ ਨਾ ਕੀਤਾ ਪਰ ਜਿਉਂ ਹੀ 2022 ਵਿੱਚ ‘ਆਪ’ ਸੱਤਾ ਵਿੱਚ ਆਈ ਤਾਂ ਹਲਕਾ ਸਾਹਨੇਵਾਲ ਤੋਂ ਵਿਧਾਇਕ ਹਰਦੀਪ ਸਿੰਘ ਮੁੰਡੀਆਂ ਨੇ ਸੈਸ਼ਨ ਦੌਰਾਨ ਸਵਾਲ ਉਠਾਇਆ ਕਿ ਸਤਲੁਜ ਦਰਿਆ ਕਿਨਾਰੇ ਬਣਨ ਜਾ ਰਿਹਾ ਇਹ ਇੰਡਸਟਰੀ ਪਾਰਕ ਵਾਤਾਵਰਨ ਲਈ ਘਾਤਕ ਹੈ ਜਾਂ ਨਹੀਂ, ਜਿਸ ਦੇ ਜਵਾਬ ਵਿੱਚ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਤੱਥ ਪੇਸ਼ ਕੀਤੇ ਕਿ ਇਸ ਇੰਡਸਟਰੀ ਪਾਰਕ ਨਾਲ ਨਾ ਤਾਂ ਮੱਤੇਵਾੜਾ ਦੇ ਜੰਗਲਾਂ ਨੂੰ ਕੋਈ ਖ਼ਤਰਾ ਪੈਦਾ ਹੋਵੇਗਾ ਅਤੇ ਨਾ ਹੀ ਸਤਲੁਜ ਦਰਿਆ ਦਾ ਪਾਣੀ ਦੂਸ਼ਿਤ ਹੋਵੇਗਾ। ਇਸ ਤੋਂ ਸਪੱਸ਼ਟ ਹੋ ਗਿਆ ਕਿ ਵਿਰੋਧ ਕਰਨ ਵਾਲੀ ਆਮ ਆਦਮੀ ਪਾਰਟੀ ਹੁਣ ਸੱਤਾ ਤੋਂ ਬਾਅਦ ਇਸ ਇੰਡਸਟਰੀ ਪਾਰਕ ਦੇ ਹੱਕ ਵਿੱਚ ਆ ਖੜ੍ਹੀ ਹੋਈ ਹੈ।
ਦੂਸਰੇ ਪਾਸੇ ਜਿਹੜੀ ਕਾਂਗਰਸ ਸਰਕਾਰ ਦੇ ਆਗੂ ਪਹਿਲਾਂ ਇਸ ਇੰਡਸਟਰੀ ਪਾਰਕ ਦੇ ਹੱਕ ਵਿੱਚ ਸਨ ਉਹ ਹੁਣ ਵਿਰੋਧ ’ਚ ਆ ਖੜ੍ਹੇ ਹੋਏ। ਇਸ ਤਹਿਤ ਵਿਧਾਇਕ ਸੁਖਪਾਲ ਸਿੰਘ ਖਹਿਰਾ ਨੇ ਸੇਖੇਵਾਲ ਪਿੰਡ ਵਿੱਚ ਆ ਕੇ ਕਿਹਾ ਕਿ ਇਹ ਇੰਡਸਟਰੀ ਪਾਰਕ ਵਾਤਾਵਰਨ ਲਈ ਘਾਤਕ ਹੈ।