ਟ੍ਰਿਬਿਊਨ ਨਿਊਜ਼ ਸਰਵਿਸ
ਲੁਧਿਆਣਾ, 21 ਮਈ
ਵਿਧਾਨ ਸਭਾ ਹਲਕਾ ਗਿੱਲ ਅੰਦਰ ਸ਼ਹਿਰ ਨਾਲ ਲਗਦੀਆਂ ਕਾਲੋਨੀਆਂ ਦਾ ਧਾਂਦਰਾ ਕਲੱਸਟਰ ਬਣਾ ਕੇ 100 ਕਰੋੜ ਦੀ ਲਾਗਤ ਨਾਲ ਹੋਣ ਵਾਲੇ ਕਾਇਆ ਕਲਪ ਦੇ ਮੁੱਦੇ ’ਤੇ ਹੁਣ ਸਿਆਸੀ ਜੰਗ ਸ਼ੁਰੂ ਹੋ ਗਈ। ਇਸ ਸਬੰਧੀ ਕਾਂਗਰਸੀਆਂ ਵੱਲੋਂ ਦਾਅਵਾ ਕੀਤਾ ਗਿਆ ਸੀ ਕਿ ਇਹ ਪ੍ਰਾਜੈਕਟ ਉਨ੍ਹਾਂ ਨੇ ਪਾਸ ਕਰਵਾਇਆ ਹੈ। ਪਰ ਹੁਣ ਇਸ ਮੁੱਦੇ ’ਤੇ ਹਲਕਾ ਗਿੱਲ ਦੇ ਸਾਬਕਾ ਵਿਧਾਇਕ ਤੇ ਸੀਨੀਅਰ ਅਕਾਲੀ ਆਗੂ ਦਰਸ਼ਨ ਸਿੰਘ ਸ਼ਿਵਾਲਿਕ ਨੇ ਦਾਅਵਾ ਕੀਤਾ ਹੈ ਕਿ 100 ਕਰੋੜ ਰੁਪਏ ਦੀ ਲਾਗਤ ਨਾਲ ਤਿਆਰ ਹੋਣ ਵਾਲਾ ਧਾਂਦਰਾ ਕਲੱਸਟਰ ਉਨ੍ਹਾਂ ਨੇ ਪਾਸ ਕਰਵਾਇਆ ਸੀ ਤੇ ਸਰਕਾਰ ਵੱਲੋਂ ਜਾਰੀ ਹੋਣ ਵਾਲੀ ਫੰਡ ਦੀ ਪਹਿਲੀ ਕਿਸ਼ਤ ਵੀ ਉਨ੍ਹਾਂ ਦੇ ਸਮੇਂ ਹੀ ਆਈ ਸੀ। ਉਨ੍ਹਾਂ ਇਨ੍ਹਾਂ ਦਾਅਵਾ ਕੀਤਾ ਕਿ ਅਗਰ ਕਾਂਗਰਸੀ ਵਿਧਾਇਕ ਤੇ ਹੋਰ ਵੀ ਕੋਈ ਕਾਂਗਰਸੀ ਇਸ ਗੱਲ ਦਾ ਸਬੂਤ ਪੇਸ਼ ਕਰ ਦੇਵੇ ਕਿ ਧਾਂਦਰਾ ਕਲੱਸਟਰ ਉਨ੍ਹਾਂ ਨੇ ਪਾਸ ਕਰਵਾਇਆ ਹੈ ਤਾਂ ਉਹ ਸਿਆਸਤ ਹੀ ਛੱਡ ਦੇਣਗੇ। ਇਸ ਤੋਂ ਪਹਿਲਾਂ ਇਸ ਅਧੀਨ ਆਉਣ ਵਾਲੇ ਪੰਚਾਇਤਾਂ ਦੇ ਸਾਬਕਾ ਸਰਪੰਚ ਵੀ ਪੱਤਰਕਾਰ ਮਿਲਣੀ ’ਚ ਇਸ ਦਾਅਵੇ ਦੀ ਪੋਲ ਖੋਲ੍ਹ ਚੁੱਕੇ ਹਨ।
ਦਰਅਸਲ, ਪਿਛਲੇ ਕਈ ਦਿਨਾਂ ਤੋਂ ਲੁਧਿਆਣਾ ਵਿੱਚ ਸਿਆਸੀ ਪਾਰਾ ਸਿਖ਼ਰਾਂ ’ਤੇ ਹੈ, ਰੋਜ਼ਾਨਾ ਵਿਕਾਸ ਕਾਰਜਾਂ ਦੇ ਮੁੱਦਿਆਂ ਨੂੰ ਲੈ ਕੇ ਸਿਆਸੀ ਆਗੂਆਂ ਦੇ ਸਿੰਗ ਫਸ ਰਹੇ ਹਨ। ਇਸੇ ਤਹਿਤ ਪਿਛਲੇ ਕਈ ਦਿਨਾਂ ਤੋਂ ਹਲਕਾ ਗਿੱਲ ਦਾ ਧਾਂਦਰਾ ਕਲੱਸਟਰ ’ਤੇ ਕਾਫ਼ੀ ਸਿਆਸਤ ਚਾਲੂ ਹੈ।
ਕਾਂਗਰਸੀ ਵਿਧਾਇਕ ਕੁਲਦੀਪ ਵੈਦ ਸਣੇ ਹੋਰਨਾਂ ਕਾਂਗਰਸੀ ਜਿਸ ਪ੍ਰਾਜੈਕਟ ਨੂੰ ਆਪਣੀ ਸਰਕਾਰ ਦੀ ਪ੍ਰਾਪਤੀ ਦੱਸ ਰਹੇ ਹਨ, ਉਸ ’ਤੇ ਹੁਣ ਅਕਾਲੀ ਦਲ ਦੇ ਸਾਬਕਾ ਵਿਧਾਇਕ ਦਰਸ਼ਨ ਸਿੰਘ ਸ਼ਿਵਾਲਿਕ ਉਸ ਦੇ ਖ਼ਿਲਾਫ਼ ਉਤਰ ਆਏ ਹਨ। ਕਾਗਜ਼ਾਂ ਦੇ ਸਬੂਤ ਵਿਖਾਉਂਦੇ ਹੋਏ ਸਾਬਕਾ ਵਿਧਾਇਕ ਸ਼ਿਵਾਲਿਕ ਨੇ ਦਾਅਵਾ ਕੀਤਾ ਕਿ ਉਨ੍ਹਾਂ ਨੇ ਆਪਣੀ ਸਰਕਾਰ ਸਮੇਂ ਕਾਫ਼ੀ ਮਿਹਨਤ ਕਰਨ ਤੋਂ ਬਾਅਦ ਹਲਕਾ ਗਿੱਲ ਦੀਆਂ ਕਲੋਨੀਆਂ ਵਿੱਚ ਵਿਕਾਸ ਕਾਰਜ ਕਰਵਾਉਣ ਲਈ ਧਾਂਦਰਾ ਕਲੱਸਟਰ ਤਿਆਰ ਕਰਵਾਇਆ ਸੀ, ਜਿੱਥੇ 100 ਕਰੋੜ ਰੁਪਏ ਦਾ ਫੰਡ ਜਾਰੀ ਹੋਇਆ ਸੀ। ਇਸ ਕਲੱਸਟਰ ਵਿੱਚ ਵਿਧਾਇਕ ਮੈਂਬਰ ਨਹੀਂ ਹੁੰਦਾ, ਬਲਕਿ ਅਫ਼ਸਰ ਤੇ ਪਿੰਡ ਦੇ ਸਰਪੰਚ ਮੈਂਬਰ ਹੁੰਦੇ ਹਨ, ਇਸ ਕਰਕੇ ਕਾਂਗਰਸ ਸਰਕਾਰ ਨੇ ਇਸ ਪ੍ਰੋਜੈਕਟ ਨੂੰ ਦੋ ਸਾਲ ਦੱਬੀ ਰੱਖਿਆ, ਕਿਉਂਕਿ ਪਿੰਡਾਂ ਵਿੱਚ ਸਰਪੰਚ ਅਕਾਲੀ ਸਨ, ਫਿਰ ਦੋ ਸਾਲਾਂ ਬਾਅਦ ਜਦੋਂ ਨਵੇਂ ਕਾਂਗਰਸੀ ਸਰਪੰਚ ਬਣੇ ਤਾਂ ਹੁਣ ਆ ਕੇ ਧਾਂਦਰਾ ਕਲੱਸਟਰ ਵਿੱਚ ਵਿਕਾਸ ਕਾਰਜਾਂਂ ਦੇ ਉਦਘਾਟਨ ਕਰ ਕੇ ਕਾਂਗਰਸੀ ਇਸ ਨੂੰ ਕਾਂਗਰਸ ਸਰਕਾਰ ਦੀ ਪ੍ਰਾਪਤੀ ਦੱਸ ਰਹੇ ਹਨ।