ਪੱਤਰ ਪ੍ਰੇਰਕ
ਪਾਇਲ, 15 ਜਨਵਰੀ
ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਬਲਾਕ ਦੋਰਾਹਾ ਅਤੇ ਮਲੌਦ ਦੀ ਮੀਟਿੰਗ ਪਿੰਡ ਸਿਹੌੜਾ ਦੇ ਗੁਰਦੁਆਰਾ ਸ਼ਹੀਦਗੜ੍ਹ ਵਿੱਚ ਜ਼ਿਲ੍ਹਾ ਜਨਰਲ ਸਕੱਤਰ ਸੁਦਾਗਰ ਸਿੰਘ ਘੁਡਾਣੀ ਦੀ ਦੇਖ ਰੇਖ ਹੇਠ ਹੋਈ, ਜਿਸ ਵਿੱਚ ਦੋ ਏਜੰਡੇ ਮੁੱਖ ਰੂਪ ਵਿੱਚ ਵਿਚਾਰੇ ਗਏ, ਪਹਿਲਾ ਏਜੰਡਾ ਅਗਾਮੀ ਚੋਣਾਂ ’ਚ ਭਾਰਤੀ ਕਿਸਾਨ ਯੂਨੀਅਨ ਏਕਤਾ ਦੀਆਂ ਪੁਜ਼ੀਸ਼ਨਾਂ ਬਾਰੇ ਦੱਸਿਆ ਗਿਆ। ਬੀਕੇਯੂ ਆਗੂਆਂ ਨੇ ਕਿਹਾ ਕਿ ਭਾਰਤੀ ਕਿਸਾਨ ਯੂਨੀਅਨ ਦੇ ਵਿਧਾਨ ਤੇ ਐਲਾਨਨਾਮੇ ਵੱਲੋਂ ਨਾ ਕੋਈ ਆਪਣਾ ਉਮੀਦਵਾਰ ਖੜ੍ਹਾ ਕਰੇਗੀ ਤੇ ਨਾ ਹੀ ਕਿਸੇ ਦੀ ਮਦਦ ਬਾਰੇ ਗੱਲ ਕਰੇਗੀ, ਵੋਟ ਪਾਉਣਾ ਜਾਂ ਨਾ ਪਾਉਣਾ ਇਹ ਕਿਸਾਨਾਂ ਦਾ ਆਪਣਾ ਹੱਕ ਤੇ ਅਧਿਕਾਰ ਹੈ। ਆਗੂਆਂ ਨੇ ਇੱਕ ਗੱਲ ਸਪੱਸ਼ਟ ਕੀਤੀ ਕਿ ਸਿਆਸੀ ਪਾਰਟੀਆਂ ਨੇ ਕਿਸਾਨਾਂ ਕਿਰਤੀਆਂ ਦਾ ਕੁਝ ਨਹੀਂ ਸੰਵਾਰਿਆ ਸਗੋਂ ਇਹ ਡਬਲਿਊਟੀਓ ਦੀਆਂ ਨੀਤੀਆਂ ਤਹਿਤ ਹੀ ਕੰਮ ਕਰ ਰਹੀਆਂ ਹਨ ਜੋ ਕੁਝ ਵੀ ਪ੍ਰਾਪਤ ਕੀਤਾ ਗਿਆ ਹੈ ਉਹ ਸ਼ੰਘਰਸ਼ ਦੌਰਾਨ ਸੜਕਾਂ ਜਾਂ ਧਰਨਿਆਂ ਮੁਜ਼ਾਹਰਿਆਂ ਨਾਲ ਹੀ ਲਿਆ ਗਿਆ ਹੈ, ਵੋਟਾਂ ਵਾਲੀਆਂ ਪਾਰਟੀਆਂ ਆਪਣੇ ਏਕੇ ਨੂੰ ਖਦੇੜ ਰਹੀਆਂ ਹਨ ਅਤੇ ਫੁੱਟ ਪਾ ਰਹੀਆਂ ਹਨ ਜੋ ਕੁਝ ਵੀ ਹਾਸਲ ਹੋਇਆ ਹੈ ਉਹ ਸੰਘਰਸ਼ ਸਦਕਾ ਹੀ ਮਿਲਿਆ ਹੈ। ਪੰਜਾਬ ਚੋਣਾਂ ਬੀਕੇਯੂ ਏਕਤਾ ਉਗਰਾਹਾਂ ਕੀ ਕਹਿੰਦੀ ਹੈ ਬਾਰੇ ਪੈਂਫਲਿਟ ਲੱਖਾਂ ਦੀ ਗਿਣਤੀ ਵਿੱਚ ਛਪਾ ਕੇ ਵੰਡਿਆ ਗਿਆ। ਦੂਸਰਾ ਏਜੰਡੇ ਬਾਰੇ ਗੱਲ ਕਰਦਿਆਂ ਆਗੂਆਂ ਕਿਹਾ ਕਿ ਫੰਡਾਂ ਬਾਰੇ ਜੋ ਵੀ ਆਪਾਂ ਨੂੰ ਇਕੱਤਰ ਹੋਇਆ ਹੈ ਉਸ ਦਾ ਹਿਸਾਬ ਕਿਤਾਬ ਪਾਰਦਰਸ਼ਤਾ ਨਾਲ ਪਿੰਡਾਂ ਦੇ ਲੋਕਾਂ ਨੂੰ ਦੱਸਿਆ ਜਾਵੇਗਾ। ਇਸ ਮੌਕੇ ਲਖਵਿੰਦਰ ਸਿੰਘ ਲਾਡੀ ਉਕਸੀ ਬਲਾਕ ਪ੍ਰਧਾਨ ਮਲੌਦ ਤੇ ਪਰਮਜੀਤ ਸਿੰਘ ਬਲਾਕ ਦੋਰਾਹਾ, ਜਗਮੀਤ ਸਿੰਘ ਕੁਲਾੜ ਬਲਦੇਵ ਸਿੰਘ ਜੀਰਖ, ਮਾ ਰਾਜਿੰਦਰ ਸਿੰਘ ਸਿਆੜ, ਹਰਜੀਤ ਸਿੰਘ ਘਲੋਟੀ, ਹਾਕਮ ਸਿੰਘ ਜਰਗੜੀ, ਜਗਤਾਰ ਸਿੰਘ ਚੋਮੋਂ, ਦੇਬੀ ਸਿਹੋੜਾ, ਜਗਦੇਵ ਸਿੰਘ ਨਸਰਾਲੀ, ਮਨਪ੍ਰੀਤ ਸਿੰਘ ਘਣਗਸ, ਦਲਜੀਤ ਬਿੱਟੂ, ਸੰਦੀਪ ਬੀਜਾ, ਸੁਖਚੈਨ ਸਿੰਘ, ਬਲਜਿੰਦਰ ਦੁਧਾਲ, ਇੰਦਰਜੀਤ ਸਿੰਘ, ਰਾਏ ਸਿੰਘ, ਜੱਸਾ, ਨਿਰਮਲ, ਹਰਦੇਵ ਨਿਜ਼ਾਮਪੁਰ ਨੇ ਵੀ ਵਿਚਾਰ ਸਾਂਝੇ ਕੀਤੇ।