ਟ੍ਰਿਬਿਊਨ ਨਿਊਜ਼ ਸਰਵਿਸ
ਲੁਧਿਆਣਾ, 11 ਅਕਤੂਬਰ
ਇੱਥੇ 5ਜੀ ਮੋਬਾਈਲ ਨੈਟਵਰਕ ਦੇ ਆਉਂਦਿਆਂ ਹੀ ਸਾਈਬਰ ਠੱਗ ਵੀ ਚੁਸਤ ਹੋ ਗਈ ਹੈ। ਪੁਲੀਸ ਨੂੰ ਸ਼ੱਕ ਹੈ ਕਿ ਸਾਈਬਰ ਠੱਗ 5 ਜੀ ਮੋਬਾਈਲ ਨੈਟਵਰਕ ਦਾ ਬਹਾਨਾ ਲੈ ਕੇ ਲੋਕਾਂ ਨਾਲ ਠੱਗੀ ਮਾਰ ਸਕਦੇ ਹਨ। ਇਸੇ ਲਈ ਲੁਧਿਆਣਾ ਪੁਲੀਸ ਨੇ ਲੋਕਾਂ ਨੂੰ ਠੱਗੀ ਤੋਂ ਬਚਣ ਲਈ ਐਡਵਾਈਜ਼ਰੀ ਜਾਰੀ ਕੀਤੀ ਹੈ। ਪੁਲੀਸ ਕਮਿਸ਼ਨਰ ਡਾ. ਕੌਸਤੁਭ ਸ਼ਰਮਾ ਵੱਲੋਂ ਇਸ ਲਈ ਹਦਾਇਤਾਂ ਜਾਰੀ ਕੀਤੀਆਂ ਗਈਆਂ ਹਨ। ਲੁਧਿਆਣਾ ਪੁਲੀਸ ਨੇ ਸੋਸ਼ਲ ਮੀਡੀਆ ਫੇਸਬੁੱਕ ਪੇਜ਼ ’ਤੇ ਪੋਸਟ ਪਾ ਕੇ ਲਿਖਿਆ ਹੈ ਕਿ ਤੁਹਾਨੂੰ ਸੁਨੇਹਾ ਆਉਣ ਤੋਂ ਬਾਅਦ ਫੋਨ ਆ ਸਕਦਾ ਹੈ ਕਿ ਆਪਣਾ 4 ਜੀ ਸਿਮ ਅਪਗ੍ਰੇਡ ਕਰਵਾਓ। ਤੁਹਾਨੂੰ ਗੱਲਾਂ ’ਚ ਲਾ ਕੇ ਨੈਟਵਰਕ ਨੂੰ 5ਜੀ ਦਾ ਲਾਲਚ ਦਿੱਤਾ ਜਾ ਸਕਦਾ ਹੈ ਤੇ ਇਸ ਰਾਹੀਂ ਤੁਹਾਡਾ ਫੋਨ ਰਿਮੋਟ ’ਤੇ ਲਿਆ ਜਾ ਸਕਦਾ ਹੈ ਅਤੇ ਇਸ ਰਾਹੀਂ ਫੋਨ ਨਾਲ ਜੁੜੇ ਖਾਤਿਆਂ ’ਚੋਂ ਪੈਸੇ ਚੋਰੀ ਕੀਤੇ ਜਾ ਸਕਦੇ ਹਨ।
ਸਾਈਬਰ ਸੈੱਲ ਕੋਲ ਲਗਾਤਾਰ ਆ ਰਹੀਆਂ ਨੇ ਸ਼ਿਕਾਇਤਾਂ
ਸ਼ਹਿਰ ’ਚ ਪਿਛਲੇਂ ਸਮੇਂ ਦੌਰਾਨ ਕਰੋੜਾਂ ਰੁਪਏ ਦੀ ਠੱਗੀ ਸ਼ਹਿਰ ਵਾਸੀਆਂ ਨਾਲ ਸਾਈਬਰ ਠੱਗ ਮਾਰ ਚੁੱਕੇ ਹਨ। ਸਾਈਬਰ ਸੈੱਲ ਕੋਲ ਇਕੱਲੇ ਸ਼ਹਿਰ ਤੋਂ ਹੀ ਰੋਜ਼ਾਨਾ 2 ਦੀ ਔਸਤ ਨਾਲ ਸ਼ਿਕਾਇਤਾਂ ਸਾਈਬਰ ਠੱਗੀ ਦੀਆਂ ਆ ਰਹੀਆਂ ਹਨ। ਇਹੀ ਨਹੀਂ ਪਿਛਲੇਂ ਸਮੇਂ ਦੌਰਾਨ 2 ਵਾਰ ਖੁਦ ਪੁਲੀਸ ਕਮਿਸ਼ਨਰ ਡਾ. ਕੌਸਤੁਭ ਸ਼ਰਮਾ ਦੀ ਫੋਟੋ ਦੀ ਵਰਤੋਂ ਕਰਕੇ ਠੱਗਾਂ ਵੱਲੋਂ ਪੁਲੀਸ ਅਧਿਕਾਰੀਆਂ ਨਾਲ ਠੱਗੀ ਮਾਰਨ ਦੀ ਕੋਸ਼ਿਸ਼ ਕੀਤੀ ਜਾ ਚੁੱਕੀ ਹੈ।