ਜਸਬੀਰ ਸ਼ੇਤਰਾ
ਜਗਰਾਉਂ, 20 ਜੁਲਾਈ
ਜਗਰਾਉਂ-ਰਾਏਕੋਟ ਮਾਰਗ ’ਤੇ ਸਥਿਤ ਥਾਣਾ ਸਿਟੀ ਮੂਹਰੇ ਕੁਲਵੰਤ ਕੌਰ ਮਾਮਲੇ ’ਚ ਚੱਲਦੇ ਲਗਾਤਾਰ ਧਰਨੇ ਦੇ ਅੱਜ ਚਾਰ ਮਹੀਨੇ ਪੂਰੇ ਹੋ ਗਏ। ਕਈ ਕਿਸਾਨ-ਮਜ਼ਦੂਰ ਤੇ ਹੋਰ ਜਨਤਕ ਜਥੇਬੰਦੀਆਂ ਦੇ ਨੁਮਾਇੰਦੇ ਚਾਰ ਮਹੀਨੇ ਦੌਰਾਨ ਸੁਣਵਾਈ ਨਾ ਹੋਣ ਤੇ ਇਨਸਾਫ਼ ਨਾ ਦਿੱਤੇ ਜਾਣ ਤੋਂ ਖਫ਼ਾ ਹਨ। ਉਨ੍ਹਾਂ ਨੇ ਹੁਣ ਆਪਣੀ ਆਵਾਜ਼ ਸਰਕਾਰ ਤੇ ਪੁਲੀਸ ਪ੍ਰਸ਼ਾਸਨ ਦੇ ਕੰਨਾਂ ਤੱਕ ਪੁੱਜਦੀ ਕਰਨ ਲਈ 22 ਜੁਲਾਈ ਨੂੰ ਹਲਕਾ ਵਿਧਾਇਕ ਸਰਵਜੀਤ ਕੌਰ ਮਾਣੂੰਕੇ ਦੇ ਘਰ ਦਾ ਘਿਰਾਓ ਕਰਨ ਦੀ ਤਿਆਰੀ ਵਿੱਢ ਦਿੱਤੀ ਹੈ।
ਧਰਨੇ ’ਚ ਸ਼ਾਮਲ ਹੋਏ ਕਿਰਤੀ ਕਿਸਾਨ ਯੂਨੀਅਨ ਦੇ ਆਗੂ ਤਰਲੋਚਨ ਸਿੰਘ ਝੋਰੜਾਂ, ਪੇਂਡੂ ਮਜ਼ਦੂਰ ਯੂਨੀਅਨ ਦੇ ਅਵਤਾਰ ਸਿੰਘ ਤਾਰੀ, ਬੀਕੇਯੂ ਏਕਤਾ (ਡਕੌਂਦਾ) ਦੇ ਜੱਗਾ ਸਿੰਘ ਢਿੱਲੋਂ, ਕਿਸਾਨ ਸਭਾ ਦੇ ਆਗੂ ਨਿਰਮਲ ਸਿੰਘ ਧਾਲੀਵਾਲ, ਬਲਦੇਵ ਸਿੰਘ ਫੌਜੀ, ਦਸਮੇਸ਼ ਕਿਸਾਨ ਮਜ਼ਦੂਰ ਯੂਨੀਅਨ ਦੇ ਸਕੱਤਰ ਜਸਦੇਵ ਸਿੰਘ ਲਲਤੋਂ ਨੇ ਕਿਹਾ ਪੀੜਤ ਪਰਿਵਾਰ ਅਤੇ ਜਨਤਕ ਜਥੇਬੰਦੀਆਂ 23 ਮਾਰਚ ਤੋਂ ਧਰਨੇ ’ਤੇ ਹਨ। ਅੱਜ ਧਰਨੇ ਦੇ 120 ਦਿਨ ਹੋ ਚੁੱਕੇ ਹਨ ਪਰ ‘ਆਪ’ ਸਰਕਾਰ ਤੇ ਪੁਲੀਸ ਪ੍ਰਸ਼ਾਸਨ ਨੇ ਇਨਸਾਫ਼ ਦੇਣ ਲਈ ਕੁਝ ਨਹੀਂ ਕੀਤਾ।
ਇਸ ਦੌਰਾਨ ਵਿਧਾਇਕ ਨੇ ਵੀ ਧਰਨੇ ’ਚ ਪੁੱਜ ਕੇ ਸਾਰ ਲਈ ਤੇ ਪੁਲੀਸ ਅਧਿਕਾਰੀ ਵੀ ਆਏ ਪਰ ਇਸ ਦੇ ਬਾਵਜੂਦ ਨਾਮਜ਼ਦ ਡੀਐੱਸਪੀ ਸਣੇ ਚਾਰਾਂ ਮੁਲਜ਼ਮਾਂ ਨੂੰ ਦਸੰਬਰ ’ਚ ਦਰਜ ਪਰਚੇ ’ਚ ਹਾਲੇ ਤੱਕ ਗ੍ਰਿਫ਼ਤਾਰ ਨਹੀਂ ਕੀਤਾ ਗਿਆ।
ਘਿਰਾਓ ਲਈ ਪਿੰਡਾਂ ਵਿੱਚ ਲਾਮਬੰਦੀ ਮੁਹਿੰਮ ਤੇਜ਼
ਕੁਲਵੰਤ ਕੌਰ ਦੀ ਕਥਿਤ ਪੁਲੀਸ ਤਸ਼ੱਦਦ ਨਾਲ ਹੋਈ ਮੌਤ ਤੋਂ ਬਾਅਦ ਨਾਮਜ਼ਦ ਡੀਐੱਸਪੀ ਤੇ ਤਿੰਨ ਹੋਰ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਨਾ ਕਰਨ ਖ਼ਿਲਾਫ਼ ਰੋਸ ਵਜੋਂ 22 ਜੁਲਾਈ ਨੂੰ ਹਲਕਾ ਵਿਧਾਇਕ ਦਾ ਘਿਰਾਓ ਕੀਤਾ ਜਾਣਾ ਹੈ। ਜਨਤਕ ਜਥੇਬੰਦੀਆਂ ਦੇ ਇਸ ਸੱਦੇ ਨੂੰ ਸਫ਼ਲ ਬਣਾਉਣ ਲਈ ਪੇਂਡੂ ਮਜ਼ਦੂਰ ਯੂਨੀਅਨ ਨੇ ਅੱਜ ਇਲਾਕੇ ਦੇ ਅੱਧੀ ਦਰਜਨ ਤੋਂ ਵਧੇਰੇ ਪਿੰਡਾਂ ’ਚ ਲਾਮਬੰਦੀ ਲਈ ਮੀਟਿੰਗਾਂ ਕੀਤੀਆਂ। ਪਿੰਡ ਮਾਣੂੰਕੇ, ਗਗੜਾ, ਲੱਖਾ, ਹਠੂਰ, ਮੱਲ੍ਹਾ, ਸਿੱਧਵਾਂ ਕਲਾਂ, ਬੁਰਜ ਕੁਲਾਰਾਂ ਆਦਿ ਵਿੱਚ ਬੋਲਦਿਆਂ ਜ਼ਿਲ੍ਹਾ ਪ੍ਰਧਾਨ ਅਵਤਾਰ ਸਿੰਘ ਰਸੂਲਪੁਰ ਤੇ ਸਕੱਤਰ ਸੁਖਦੇਵ ਸਿੰਘ ਮਾਣੂੰਕੇ ਨੇ ਕਿਹਾ ਕਿ ਨਵੀਂ ਸਰਕਾਰ ਤੋਂ ਲੋਕਾਂ ਨੂੰ ਵੱਡੀਆਂ ਉਮੀਦਾਂ ਸਨ ਪਰ ‘ਆਪ’ ਸਰਕਾਰ ਨੇ ਵੀ ਸੱਤਾ ’ਚ ਆ ਪਹਿਲੀਆਂ ਸਰਕਾਰਾਂ ਵਾਲਾ ਰਵੱਈਆ ਅਪਣਾ ਲਿਆ ਹੈ। ਮੀਟਿੰਗਾਂ ਨੂੰ ਮਹਿਲਾ ਆਗੂਆਂ ਨੇ ਵੀ ਸੰਬੋਧਨ ਕੀਤਾ। ਇਸ ਮੌਕੇ ਕੁਲਵੰਤ ਸਿੰਘ ਸੋਨੀ, ਜਥੇਦਾਰ ਚੜ੍ਹਤ ਸਿੰਘ ਗਗੜਾ, ਹਾਕਮ ਸਿੰਘ, ਜਸਬੀਰ ਕੌਰ, ਕਿਰਨਜੀਤ ਕੌਰ, ਰਮਨਦੀਪ ਕੌਰ, ਬਲਦੇਵ ਸਿੰਘ ਫ਼ੌਜੀ ਆਦਿ ਹਾਜ਼ਰ ਸਨ।
ਇਸੇ ਤਰ੍ਹਾਂ ਦਸਮੇਸ਼ ਕਿਸਾਨ ਮਜ਼ਦੂਰ ਯੂਨੀਅਨ ਵੀ ਇਸ ਘਿਰਾਓ ਲਈ ਸਰਗਰਮ ਹੈ। ਯੂਨੀਅਨ ਨੇ ਤਿਆਰੀਆਂ ਮੁਕੰਮਲ ਕਰ ਲਈਆਂ ਹਨ। ਅੱਜ ਪਿੰਡ ਪੰਡੋਰੀ ਵਿੱਚ ਪ੍ਰਧਾਨ ਗੁਰਦਿਆਲ ਸਿੰਘ ਤਲਵੰਡੀ, ਮੀਤ ਪ੍ਰਧਾਨ ਬਲਜੀਤ ਸਿੰਘ ਸਵੱਦੀ, ਸਕੱਤਰ ਮਾਸਟਰ ਜਸਦੇਵ ਸਿੰਘ ਲਲਤੋਂ ਆਦਿ ਨੇ ਤਿਆਰੀਆਂ ਨੂੰ ਅੰਤਿਮ ਛੋਹਾਂ ਦਿੰਦਿਆਂ ਦੱਸਿਆ ਕਿ 22 ਨੂੰ ਸਵੇਰੇ 10 ਵਜੇ ਚੌਕੀਮਾਨ ਟੌਲ ਤੋਂ ਇਲਾਕੇ ਦੇ ਪਿੰਡਾਂ ਦੇ ਕਿਸਾਨਾਂ, ਮਜ਼ਦੂਰਾਂ ਤੇ ਨੌਜਵਾਨਾਂ ਦਾ ਕਾਫ਼ਲਾ ਵਿਧਾਇਕ ਦੀ ਕੋਠੀ ਦੇ ਘਿਰਾਓ ਲਈ ਰਵਾਨਾ ਹੋਵੇਗਾ।