ਨਿੱਜੀ ਪੱਤਰ ਪ੍ਰੇਰਕ
ਜਗਰਾਉਂ, 27 ਮਈ
ਨੇੜਲੇ ਪਿੰਡ ਰਸੂਲਪੁਰ ਦੀ ਕੁਲਵੰਤ ਕੌਰ ਦੀ ਕਥਿਤ ਪੁਲੀਸ ਤਸ਼ੱਦਦ ਨਾਲ 16 ਸਾਲ ਮੰਜੇ ’ਤੇ ਲੱਗੇ ਰਹਿਣ ਮਗਰੋਂ ਹੋਈ ਮੌਤ ਦੇ ਮਾਮਲੇ ਵਿੱਚ ਇਨਸਾਫ਼ ਲੈਣ ਲਈ ਇਥੇ ਥਾਣਾ ਸਿਟੀ ਅੱਗੇ ਧਰਨਾ ਅੱਜ 65ਵੇਂ ਦਿਨ ਜਾਰੀ ਰਿਹਾ। ਧਰਨਾਕਾਰੀ ਇਸ ਮਾਮਲੇ ਵਿੱਚ ਨਾਮਜ਼ਦ ਕੀਤੇ ਡੀਐੱਸਪੀ ਸਮੇਤ ਚਾਰਾਂ ਮੁਲਜ਼ਮਾਂ ਦੀ ਗ੍ਰਿਫ਼ਤਾਰੀ ਦੀ ਮੰਗ ਕਰ ਰਹੇ ਹਨ। ਉਨ੍ਹਾਂ ਦਾ ਦੋਸ਼ ਹੈ ਕਿ ਸਰਕਾਰ ਤੇ ਪੁਲੀਸ ਪ੍ਰਸ਼ਾਸਨ ਜਾਣ-ਬੁੱਝ ਕੇ ਟਾਲਾ ਵੱਟ ਰਿਹਾ ਹੈ ਜਦਕਿ ਸੰਗੀਨ ਧਾਰਾਵਾਂ ਤਹਿਤ ਦਰਜ ਮਾਮਲੇ ’ਚ ਫੌਰੀ ਗ੍ਰਿਫ਼ਤਾਰੀ ਹੋਣੀ ਚਾਹੀਦੀ ਸੀ। ਇਸ ਸਮੇਂ ਧਰਨਾ ਦੇ ਰਹੀਆਂ ਜਨਤਕ ਜਥੇਬੰਦੀਆਂ ਨੇ ਮੀਟਿੰਗ ’ਚ 11 ਮੈਂਬਰੀ ਵਫ਼ਦ ਦੇ ਰੂਪ ’ਚ ਪੰਜਾਬ ਪੁਲੀਸ ਦੇ ਮੁਖੀ ਨੂੰ ਮਿਲਣ ਦਾ ਫ਼ੈਸਲਾ ਕੀਤਾ। ਮੀਟਿੰਗ ’ਚ ਇਨਕਲਾਬੀ ਕੇਂਦਰ ਪੰਜਾਬ ਦੇ ਆਗੂ ਕੰਵਲਜੀਤ ਖੰਨਾ, ਪੇਂਡੂ ਮਜ਼ਦੂਰ ਯੂਨੀਅਨ ਦੇ ਜ਼ਿਲ੍ਹਾ ਪ੍ਰਧਾਨ ਅਵਤਾਰ ਸਿੰਘ ਰਸੂਲਪੁਰ, ਦਸਮੇਸ਼ ਕਿਸਾਨ ਮਜ਼ਦੂਰ ਯੂਨੀਅਨ ਦੇ ਸਕੱਤਰ ਮਾਸਟਰ ਜਸਦੇਵ ਸਿੰਘ ਲਲਤੋਂ, ਮਨੋਹਰ ਸਿੰਘ ਝੋਰੜਾਂ, ਬੀਕੇਯੂ (ਉਗਰਾਹਾਂ) ਜਗਤ ਸਿੰਘ ਲੀਲਾਂ ਤੇ ਰਾਮਸ਼ਰਨ ਸਿੰਘ ਰਸੂਲਪੁਰ ਢਾਹਾ, ਬੀਕੇਯੂ (ਡਕੌਦਾ) ਇੰਦਰਜੀਤ ਸਿੰਘ ਧਾਲੀਵਾਲ, ਪੰਜਾਬ ਨਿਰਮਾਣ ਸਭਾ ਦੇ ਗੁਰਦੀਪ ਸਿੰਘ ਰਾਏਕੋਟ, ਮਜ਼ਦੂਰ ਜਥੇਬੰਦੀ ਦੇ ਬਲਦੇਵ ਸਿੰਘ ਫੌਜੀ, ਪੰਜਾਬ ਕਿਸਾਨ ਯੂਨੀਅਨ ਦੇ ਡਾਕਟਰ ਗੁਰਚਰਨ ਸਿੰਘ ਰਾਏਕੋਟ, ਸ੍ਰੀ ਗੁਰੂ ਗ੍ਰੰਥ ਸਾਹਿਬ ਸਤਿਕਾਰ ਕਮੇਟੀ ਪ੍ਰਧਾਨ ਜਸਪ੍ਰੀਤ ਸਿੰਘ ਢੋਲਣ, ਕੁੱਲ ਹਿੰਦ ਕਿਸਾਨ ਸਭਾ ਦੇ ਨਿਰਮਲ ਸਿੰਘ ਧਾਲੀਵਾਲ ਨੇ ਥਾਣੇ ਮੂਹਰੇ ਰੈਲੀ ਕੀਤੀ।
ਜੁਰਮਾਨਾ ਨੋਟਿਸ ਭੇਜਣ ਖਿਲਾਫ਼ ਡਟੀ ਕਿਸਾਨ ਯੂਨੀਅਨ
ਪਾਇਲ (ਪੱਤਰ ਪ੍ਰੇਰਕ): ਭਾਰਤੀ ਕਿਸਾਨ ਯੂਨੀਅਨ ਉਗਰਾਹਾਂ ਵੱਲੋਂ ਜ਼ਿਲ੍ਹਾ ਜਨਰਲ ਸਕੱਤਰ ਸੁਦਾਗਰ ਸਿੰਘ ਘੁਡਾਣੀ ਅਤੇ ਬਲਾਕ ਪ੍ਧਾਨ ਪਰਮਵੀਰ ਸਿੰਘ ਘਲੋਟੀ ਨੇ ਦੱਸਿਆ ਕਿ ਅੱਜ ਜੱਥੇਬੰਦੀ ਦਾ ਵਫ਼ਦ ਐੱਸਡੀਐੱਮ ਪਾਇਲ ਨੂੰ ਮਿਲਣ ਪਹੁੰਚਿਆਂ ਤਾਂ ਕੋਈ ਵੀ ਪ੍ਰਸ਼ਾਸਨ ਦਾ ਉੱਚ ਅਧਿਕਾਰੀ ਮੌਕੇ ’ਤੇ ਮੌਜੂਦ ਨਹੀਂ ਸੀ, ਜਿਸ ਦੇ ਰੋਸ ਵਜੋਂ ਕਿਸਾਨਾਂ ਨੇ ਨਾਅਰੇਬਾਜ਼ੀ ਕੀਤੀ। ਕਾਫੀ ਸਮਾਂ ਬੀਤਣ ਮਗਰੋਂ ਐੱਸਡੀਐੱਮ ਦਫ਼ਤਰ ਦੇ ਕਲਰਕ ਨੇ ਮੰਗ ਪੱਤਰ ਲਿਆ। ਕਿਸਾਨ ਆਗੂਆਂ ਨੇ ਦੱਸਿਆ ਕਿ ਸਬ ਡਿਵੀਜ਼ਨ ਲੈਵਲ ਮੋਨੀਟਰਿੰਗ ਕਮੇਟੀ ਵੱਲੋਂ ਪਿੰਡ ਘਣਗਸ ਦੇ ਕਿਸਾਨ ਮਨਪ੍ਰੀਤ ਸਿੰਘ ਅਤੇ ਵਰਿੰਦਰ ਸਿੰਘ ਨੂੰ ਖੇਤ ਵਿੱਚ ਅੱਗ ਲਗਾਉਣ ਦਾ ਜੁਰਮਾਨਾ ਪੱਤਰ ਭੇਜਿਆ ਸੀ। ਆਗੂਆਂ ਨੇ ਕਿਹਾ ਕਿ ਕਿਸਾਨਾਂ ਨੂੰ ਅੱਗ ਲਾਉਣ ਦੇ ਦੋਸ਼ ਹੇਠ ਫਸਾਇਆ ਜਾ ਰਿਹਾ ਹੈ ਕਿਉਂਕਿ ਅੱਗ ਪਿੰਡ ਮੁਕੰਦਪੁਰ ਪਾਸਿਓਂ ਲੱਗ ਕੇ ਆਈ ਸੀ, ਜਦੋਂਕਿ ਇਨ੍ਹਾਂ ਦੋਵਾਂ ਕਿਸਾਨਾਂ ਵਿੱਚੋਂ ਉਥੇ ਮੌਕੇ ’ਤੇ ਕੋਈ ਮੌਜੂਦ ਨਹੀਂ ਸੀ। ਉਨ੍ਹਾਂ ਕਿਹਾ ਕਿ ਨੋਟਿਸ ਭੇਜਣ ਤੋਂ ਪਹਿਲਾਂ ਸਬ ਡਿਵੀਜ਼ਨ ਲੈਵਲ ਮੋਨੀਟਰਿੰਗ ਕਮੇਟੀ ਨੇ ਕਿਸਾਨਾਂ ਦਾ ਪੱਖ ਵੀ ਨਹੀਂ ਲਿਆ।