ਟ੍ਰਿਬਿਊਨ ਨਿਊਜ਼ ਸਰਵਿਸ
ਲੁਧਿਆਣਾ, 22 ਜਨਵਰੀ
ਚੋਣ ਜ਼ਾਬਤਾ ਲੱਗਣ ਤੋਂ ਬਾਅਦ ਪੁਲੀਸ ਨੇ ਵਾਹਨਾਂ ਦੀ ਚੈਕਿੰਗ ਵਧਾ ਦਿੱਤੀ ਹੈ। ਚੋਣ ਕਮਿਸ਼ਨ ਵੱਲੋਂ ਵੱਡੀ ਮਾਤਰਾ ’ਚ ਨਗਦੀ ਲਿਜਾਣ ’ਤੇ ਪਾਬੰਦੀ ਲਾਈ ਗਈ ਹੈ। ਦੇਰ ਰਾਤ ਨੂੰ ਨਾਕਾਬੰਦੀ ਦੌਰਾਨ ਪੁਲੀਸ ਨੇ ਭਾਰਤ ਨਗਰ ਚੌਕ ’ਚ ਇੱਕ ਗੱਡੀ ਰੋਕੀ ਤਾਂ ਗੱਡੀ ਚਾਲਕ ਉੱਥੋਂ ਨਾਕਾ ਤੋੜ ਕੇ ਫ਼ਰਾਰ ਹੋ ਗਿਆ। ਜਾਂਦੇ ਸਮੇਂ ਉਨ੍ਹਾਂ ਦੇ ਹੱਥ ’ਚੋਂ ਇੱਕ ਲਿਫ਼ਾਫ਼ਾ ਡਿੱਗ ਗਿਆ, ਜਿਸ ’ਚੋਂ ਪੁਲੀਸ ਨੂੰ 18 ਲੱਖ ਨਗਦੀ ਬਰਾਮਦ ਹੋਈ ਹੈ। ਥਾਣਾ ਡਿਵੀਜ਼ਨ ਨੰਬਰ-5 ਦੀ ਪੁਲੀਸ ਨੇ ਅਣਪਛਾਤੇ ਖਿਲ਼ਾਫ਼ ਸਰਕਾਰੀ ਡਿਊਟੀ ’ਚ ਰੁਕਾਵਟ ਪਾਉਣ ਦੇ ਨਾਲ ਨਾਲ ਪਾਬੰਦੀਆਂ ਦਾ ਉਲੰਘਣਾ ਦਾ ਕੇਸ ਦਰਜ ਕੀਤਾ ਹੈ। ਪੁਲੀਸ ਮੁਲਜ਼ਮ ਕਾਰ ਚਲਾਕ ਦਾ ਪਤਾ ਲਾਉਣ ’ਚ ਲੱਗੀ ਹੋਈ ਹੈ। ਪੁਲੀਸ ਨੂੰ ਸ਼ੱਕ ਹੈ ਕਿ ਇਹ ਨਗਦੀ ਵਿਧਾਨ ਸਭਾ ਚੋਣਾਂ ’ਚ ਵਰਤੀ ਜਾਣੀ ਸੀ, ਪੁਲੀਸ ਨੇ ਗੱਡੀ ਦੇ ਨੰਬਰ ਦੇ ਆਧਾਰ ’ਤੇ ਜਾਂਚ ਸ਼ੁਰੂ ਕਰ ਦਿੱਤੀ ਹੈ।
ਏਐੱਸਆਈ ਗੁਰਚਰਨਜੀਤ ਸਿੰਘ ਨੇ ਦੱਸਿਆ ਕਿ ਵਿਧਾਨ ਸਭਾ ਚੋਣਾਂ ਸਬੰਧੀ ਪੁਲੀਸ ਅਤੇ ਅਰਧ ਸੁਰੱਖਿਆ ਬਲ ਨੇ ਸ਼ਹਿਰ ’ਚ ਕਈ ਥਾਈਂ ਨਾਕਾਬੰਦੀ ਕੀਤੀ ਹੋਈ ਹੈ। ਸ਼ਨਿੱਚਰਵਾਰ ਨੂੰ ਭਾਰਤ ਨਗਰ ਚੌਕ ਕੋਲ ਲਾਏ ਨਾਕੇ ’ਤੇ ਚਿੱਟੇ ਰੰਗ ਦੀ ਸਕਾਰਪੀਓ ਗੱਡੀ ਨੂੰ ਰੋਕਿਆ ਗਿਆ। ਗੱਡੀ ’ਚ ਸਵਾਰ ਦੋ ਨੌਜਵਾਨਾਂ ਤੋਂ ਪੜਤਾਲ ਮਗਰੋਂ ਜਦੋਂ ਗੱਡੀ ਦੀ ਚੈਕਿੰਗ ਸ਼ੁਰੂ ਕੀਤੀ ਤਾਂ ਗੱਡੀ ਚਾਲਕ ਅਚਾਨਕ ਗੱਡੀ ਭਜਾ ਕੇ ਲੈ ਗਿਆ। ਇਸੇ ਦੌਰਾਨ ਕੰਡਕਟਰ ਸਾਈਡ ਤੋਂ ਗੱਡੀ ’ਚੋਂ ਉੱਤਰੇ ਨੌਜਵਾਨ ਦੇ ਹੱਥ ’ਚੋਂ ਇੱਕ ਬੈਗ ਡਿੱਗ ਗਿਆ। ਇਸ ਬੈਗ ’ਚੋਂ ਪੁਲੀਸ ਨੇ 17 ਲੱਖ 90 ਹਜ਼ਾਰ ਨਗਦ ਬਰਾਮਦ ਕੀਤੇ। ਪੁਲੀਸ ਨੇ ਜਦੋਂ ਗੱਡੀ ਨੰਬਰ ਦੇ ਆਧਾਰ ’ਤੇ ਜਾਂਚ ਸ਼ੁਰੂ ਕੀਤੀ ਤਾਂ ਪਤਾ ਲੱਗਿਆ ਕਿ ਇਹ ਗੱਡੀ ਮੋਗਾ ਜ਼ਿਲ੍ਹੇ ਦੇ ਦੌਲੋਵਾਲਾ ਪਿੰਡ ਦੇ ਹੁਸ਼ਿਆਰ ਸਿੰਘ ਦੇ ਨਾਂ ’ਤੇ ਰਜਿਸਟਰਡ ਹੈ। ਪੁਲੀਸ ਦੀ ਇੱਕ ਟੀਮ ਦੌਲੇਵਾਲਾ ਵੀ ਪੁੱਜੀ, ਪਰ ਪੁਲੀਸ ਨੂੰ ਹੁਸ਼ਿਆਰ ਸਿੰਘ ਦੇ ਘਰ ਕੋਈ ਨਹੀਂ ਮਿਲਿਆ।
ਪੁਲੀਸ ਵੱਲੋਂ 16 ਮੁਲਜ਼ਮ ਕਾਬੂ
ਮੰਡੀ ਅਹਿਮਦਗੜ੍ਹ (ਪੱਤਰ ਪ੍ਰੇਰਕ): ਇੱਥੋਂ ਦੀ ਪੁਲੀਸ ਨੇ ਵਿਧਾਨ ਸਭਾ ਚੋਣਾਂ ਦੇ ਮੱਦੇ ਨਜ਼ਰ ਭੈੜੇ ਅਨਸਰਾਂ ਵਿਰੁੱਧ ਕੀਤੀ ਸ਼ੁਰੂ ਗਈ ਮੁਹਿੰਮ ਦੌਰਾਨ ਘੱਟੋ-ਘੱਟੋ ਸੋਲਾਂ ਮੁਲਜ਼ਮਾਂ ਨੂੰ ਵੱਖ ਵੱਖ ਕੇਸਾਂ ਵਿੱਚ ਕਾਬੂ ਕੀਤਾ ਹੈ। ਥਾਣਾ ਸਿਟੀ ਅਤੇ ਸਦਰ ਦੀਆਂ ਵੱਖ-ਵੱਖ ਟੀਮਾਂ ਵੱਲੋਂ ਫੜੇ ਗਏ ਮੁਲਜ਼ਮਾਂ ਕੋਲੋਂ ਭਾਰੀ ਮਾਤਰਾ ਵਿੱਚ ਨਸ਼ੀਲੇ ਪਦਾਰਥ, ਨਗਦੀ ਅਤੇ ਜੁਰਮ ਵਿਚ ਵਰਤੀ ਗਈ ਇੱਕ ਕਾਰ ਤੇ ਮੋਟਰਸਾਈਕਲ ਬਰਾਮਦ ਕੀਤੇ ਗਏ ਹਨ। ਡੀਐੱਸਪੀ ਹਰਵਿੰਦਰ ਸਿੰਘ ਚੀਮਾ ਨੇ ਦੱਸਿਆ ਕਿ ਥਾਣਾ ਸਦਰ ਦੇ ਐੱਸਐੱਚਓ ਸੰਜੀਵ ਕਪੂਰ ਅਤੇ ਥਾਣਾ ਸਿਟੀ ਦੇ ਐੱਚਐੱਚਓ ਅਰਸ਼ਪ੍ਰੀਤ ਕੌਰ ਦੀ ਰਹਿਨੁਮਾਈ ਵਿੱਚ ਵੱਖ ਵੱਖ ਕੇਸ ਦਰਜ ਕਰ ਕੇ 16 ਜਣਿਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਮੁਲਜ਼ਮਾਂ ਦੀ ਪਛਾਣ ਕੁਲਦੀਪ ਰਾਮ ਵਾਸੀ ਖਾਨਪੁਰ ਪਿੰਡ, ਗੁਰਿੰਦਰ ਸਿੰਘ ਅਤੇ ਭੋਲਾ ਵਾਸੀ ਪਿੰਡ ਛਪਾਰ, ਸਵਰਨ ਸਿੰਘ ਛਪਾਰ, ਕਮਲਪ੍ਰੀਤ ਸਿੰਘ ਅਹਿਮਦਗੜ੍ਹ, ਰੋਹਿਤ ਬਾਂਸਲ ਮਾਲੇਰਕੋਟਲਾ, ਸੰਜੀਵ ਕੁਮਾਰ ਤੇ ਅਮਰ ਕੁਮਾਰ ਹਰਗੋਬਿੰਦਪੁਰ ਮਿਨੀ ਛਪਾਰ, ਮੇਸ਼ੀ, ਲੱਕੀ, ਬਿੱਟੂ, ਮੋਨੂੰ, ਅਮਨ, ਰਾਹੁਲ ਤੇ ਸ਼ਿਵਾ ਅਹਿਮਦਗੜ੍ਹ ਤੇ ਅਮਰਪੁਰਾ ਵਾਸੀ ਹਰੀਸ਼ ਕੁਮਾਰ ਵਜੋਂ ਕੀਤੀ ਗਈ ਹੈ।