ਮਹੇਸ਼ ਸ਼ਰਮਾ
ਮੰਡੀ ਅਹਿਮਦਗੜ੍ਹ, 4 ਅਕਤੂਬਰ
ਤਿਉਹਾਰਾਂ ਦੇ ਸੀਜ਼ਨ ਦੌਰਾਨ ਆਮ ਲੋਕਾਂ ਵਿੱਚ ਸੁਰੱਖਿਆ ਭਾਵਨਾ ਪੈਦਾ ਕਰਨ ਅਤੇ ਮਾੜੇ ਅਨਸਰਾਂ ਨੂੰ ਭਜਾਉਣ ਦੇ ਮੰਤਵ ਨਾਲ ਇੱਥੋਂ ਦੀ ਪੁਲੀਸ ਵੱਲੋਂ ਸੁਰੱਖਿਆ ਪ੍ਰਬੰਧ ਹੋਰ ਤੇਜ਼ ਕੀਤੇ ਗਏ ਹਨ। ਰਾਤ ਦੀ ਗਸ਼ਤ ਨੂੰ ਹੋਰ ਤੇਜ਼ ਕਰਨ ਤੋਂ ਇਲਾਵਾ ਪਿੰਡਾਂ ਤੇ ਸ਼ਹਿਰਾਂ ਅੰਦਰ ਫਲੈਗ ਮਾਰਚ, ਸਪੈਸ਼ਲ ਨਾਕੇ ਅਤੇ ਤਲਾਸ਼ੀ ਅਭਿਆਨ ਵੀ ਚਲਾਇਆ ਜਾ ਰਿਹਾ ਹੈ। ਅਧਿਕਾਰੀਆਂ ਨੇ ਦਾਅਵਾ ਕੀਤਾ ਹੈ ਕਿ ਰਾਮਲੀਲਾ ਅਤੇ ਦਸਹਿਰਾ ਗਰਾਊਂਡਾਂ ਤੋਂ ਇਲਾਵਾ ਵਿਦਿਅਕ ਅਦਾਰਿਆਂ, ਧਾਰਮਿਕ ਅਸਥਾਨਾਂ, ਰੇਲਵੇ ਸਟੇਸ਼ਨਾਂ ਅਤੇ ਬੱਸ ਅੱਡਿਆਂ ਵਿੱਚ ਵਾਧੂ ਸੁਰੱਖਿਆ ਲਗਾ ਦਿੱਤੀ ਹੈ।। ਐੱਸਐੱਸਪੀ ਮਾਲੇਰਕੋਟਲਾ ਅਵਨੀਤ ਕੌਰ ਸਿੱਧੂ ਨੇ ਦਾਅਵਾ ਕੀਤਾ ਕਿ ਆਮ ਲੋਕਾਂ ਦੇ ਮਨਾਂ ਵਿੱਚ ਤਿਉਹਾਰਾਂ ਦੌਰਾਨ ਸੁਰੱਖਿਆ ਭਾਵਨਾ ਵਧਾਉਣ ਦੇ ਮੰਤਵ ਨਾਲ ਸੁਰੱਖਿਆ ਪ੍ਰਬੰਧ ਪਹਿਲਾਂ ਨਾਲੋਂ ਵੀ ਵਧਾ ਦਿੱਤੇ ਗਏ ਹਨ ।