ਗੁਰਦੀਪ ਸਿੰਘ ਟੱਕਰ
ਮਾਛੀਵਾੜਾ, 19 ਅਕਤੂਬਰ
ਪੁਲੀਸ ਭਰਤੀ ਦੇ ਨਾਮ ’ਤੇ ਲੱਖਾਂ ਰੁਪਏ ਦੀ ਠੱਗੀ ਦੇ ਕੇਸ ਵਿੱਚ ਗ੍ਰਿਫ਼ਤਾਰ ਨਕਲੀ ਡੀਐੱਸਪੀ ਦੀਪਪ੍ਰੀਤ ਸਿੰਘ ਦੀਆਂ ਹੁਣ ਇਸ ਮਾਮਲੇ ਵਿੱਚ ਨਵੀਆਂ ਪਰਤਾਂ ਖੁੱਲ੍ਹਣ ਦੀ ਸੰਭਾਵਨਾ ਹੈ। ਦੀਪਪ੍ਰੀਤ ਸਿੰਘ ਵਾਸੀ ਇੰਦਰਾਪੁਰੀ ਮੁਹੱਲਾ ਖੰਨਾ ਦੇ ਤਾਰ ਚਰਚਿਤ ਕਥਿਤ ਨਸ਼ਾ ਤਸਕਰ ਗੁਰਦੀਪ ਸਿੰਘ ਰਾਣੋ ਨਾਲ ਜੁੜਦੇ ਨਜ਼ਰ ਆ ਰਹੇ ਹਨ।
ਪੁਲੀਸ ਰਾਣੋ ਨੂੰ ਫਿਰੋਜ਼ਪੁਰ ਦੀ ਕੇਂਦਰੀ ਜੇਲ੍ਹ ਵਿੱਚੋਂ ਦੋ ਦਿਨ ਦੇ ਰਿਮਾਂਡ ’ਤੇ ਲੈ ਕੇ ਆਈ ਹੈ ਅਤੇ ਦੋਵਾਂ ਨੂੰ ਆਹਮੋ-ਸਾਹਮਣੇ ਬਿਠਾ ਕੇ ਪੁੱਛ-ਪੜਤਾਲ ਕੀਤੀ ਜਾ ਰਹੀ ਹੈ। ਜ਼ਿਕਰਯੋਗ ਹੈ ਕਿ ਦੀਪਪ੍ਰੀਤ ਸਿੰਘ ਨੇ ਖੁਲਾਸਾ ਕੀਤਾ ਸੀ ਕਿ ਉਹ ਪੁਲੀਸ ਵਰਦੀ ਪਾ ਕੇ ਕਥਿਤ ਨਸ਼ਾ ਤਸਕਰ ਗੁਰਦੀਪ ਰਾਣੋ ਨਾਲ ਉਸਦਾ ਗੰਨਮੈਨ ਬਣ ਕੇ ਘੁੰਮਦਾ ਰਿਹਾ ਹੈ। ਰਾਣੋ ਨੇ ਇੱਕ ਉੱਚ ਪੁਲੀਸ ਅਧਿਕਾਰੀ ਨਾਲ ਮਿਲ ਕੇ ਵਾਅਦਾ ਕੀਤਾ ਸੀ ਕਿ ਦਿਲਪ੍ਰੀਤ ਨੂੰ ਜਲਦ ਪੁਲੀਸ ਵਿੱਚ ਭਰਤੀ ਕਰਵਾ ਦਿੱਤਾ ਜਾਵੇਗਾ। ਇਸ ਕੰਮ ਲਈ ਲੱਖਾਂ ਰੁਪਏ ਦੇ ਲੈਣ-ਦੇਣ ਦੀਆਂ ਚਰਚਾਵਾਂ ਵੀ ਹਨ। ਜੇਕਰ ਪੁਲੀਸ ਜਾਂਚ ਨਿਰਪੱਖਤਾ ਨਾਲ ਅੱਗੇ ਵਧਦੀ ਹੈ ਤਾਂ ਇਸ ਮਾਮਲੇ ਵਿੱਚ ਪੁਲੀਸ ਦੇ ਇੱਕ ਉੱਚ ਅਧਿਕਾਰੀ ’ਤੇ ਵੀ ਗਾਜ਼ ਡਿੱਗ ਸਕਦੀ ਹੈ।