ਟ੍ਰਿਬਿਊਨ ਨਿਊਜ਼ ਸਰਵਿਸ
ਲੁਧਿਆਣਾ, 10 ਫਰਵਰੀ
ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਸ਼ਹਿਰ ਵਿੱਚ ਕਈ ਪੁਆਇੰਟਾਂ ’ਤੇ ਨਾਕਾਬੰਦੀ ਕੀਤੀ ਗਈ। ਪੁਲੀਸ ਨੇ 50 ਹਜ਼ਾਰ ਤੋਂ ਉਪਰ ਦੀ ਨਕਦੀ ਲਿਜਾਣ ਵਾਲਿਆਂ ਨੂੰ ਵੀ ਕਾਬੂ ਕਰਨਾ ਸ਼ੁਰੂ ਕਰ ਦਿੱਤਾ ਹੈ। ਕਮਿਸ਼ਨਰੇਟ ਪੁਲੀਸ ਵੱਲੋਂ ਤਿੰਨ ਥਾਣਿਆਂ ਦੀ ਪੁਲੀਸ ਨੇ ਵੱਖ-ਵੱਖ ਥਾਵਾਂ ਤੋਂ 9 ਲੱਖ 25 ਹਜ਼ਾਰ ਨਕਦੀ ਬਰਾਮਦ ਕੀਤੀ ਹੈ। ਥਾਣਾ ਡਵੀਜ਼ਨ ਨੰਬਰ-2 ਦੀ ਪੁਲੀਸ ਨੇ ਸਿਵਲ ਹਸਪਤਾਲ ਕੋਲ ਨਾਕਾਬੰਦੀ ਕੀਤੀ, ਇਸੇ ਦੌਰਾਨ ਆ ਰਹੇ ਕਰੀਮਪੁਰਾ ਬਾਜ਼ਾਰ ਦੇ ਰਹਿਣ ਵਾਲੇ ਅਜੈ ਬੇਰੀ ਦੀ ਕਾਰ ਦੀ ਪੁਲੀਸ ਨੇ ਨਾਕਾਬੰਦੀ ਦੌਰਾਨ ਚੈਕਿੰਗ ਕੀਤੀ ਤਾਂ ਉਸ ’ਚ ਇੱਕ ਲੱਖ 98 ਹਜ਼ਾਰ ਨਕਦੀ ਬਰਾਮਦ ਹੋਈ। ਥਾਣਾ ਡਿਵੀਜ਼ਨ ਨੰਬਰ-2 ਦੇ ਐੱਸਐੱਚਓ ਇੰਸਪੈਕਟਰ ਸਤਪਾਲ ਨੇ ਦੱਸਿਆ ਕਿ ਨਾਕਾਬੰਦੀ ਦੌਰਾਨ ਚੰਚਲ ਦੀ ਗੱਡੀ ’ਚੋਂ ਇੱਕ ਲੱਖ ਨਕਦੀ ਬਰਾਮਦ ਹੋਈ, ਜਿਸ ਤੋਂ ਬਾਅਦ ਜਾਂਚ ’ਚ ਪਤਾ ਲੱਗਿਆ ਕਿ ਉਹ ਪੈਸੇ ਲੈ ਕੇ ਹਸਪਤਾਲ ਜਾ ਰਿਹਾ ਸੀ। ਥਾਣਾ ਟਿੱਬਾ ਦੀ ਪੁਲੀਸ ਨੇ ਮਪ੍ਰੇਮ ਕਲੋਨੀ ਦਾ ਰਹਿਣ ਵਾਲੇ ਅਮਨਦੀਪ ਸਿੰਘ ਕੋਲੋਂ ਢਾਈ ਲੱਖ ਨਕਦੀ ਬਰਾਮਦ ਕੀਤੀ। ਥਾਣਾ ਮਾਡਲ ਟਾਊਨ ਦੀ ਐੱਸ.ਐੱਚ.ਓ. ਸਬ-ਇੰਸਪੈਕਟਰ ਮਧੂ ਬਾਲਾ ਨੇ ਦੱਸਿਆ ਕਿ ਟਿੰਮੀ ਬੇਕਰੀ ਚੌਕ ’ਚ ਪੁਲੀਸ ਨੇ ਨਾਕਾਬੰਦੀ ਦੌਰਾਨ ਪ੍ਰਤਾਪ ਨਗਰ ਵਾਸੀ ਰਣਧੀਰ ਸਿੰਘ ਦੀ ਗੱਡੀ ’ਚੋਂ ਇੱਕ ਲੱਖ 81 ਹਜ਼ਾਰ ਨਕਦੀ, ਜਦਕਿ ਪੱਖੋਵਾਲ ਰੋਡ ਸ਼ਮਸ਼ਾਨਘਾਟ ਕੋਲ ਵਿਸ਼ਾਲ ਨਗਰ ਵਾਸੀ ਦਲਜੀਤ ਸਿੰਘ ਦੀ ਗੱਡੀ ’ਚੋਂ ਇੱਕ ਲੱਖ 20 ਹਜ਼ਾਰ ਨਕਦੀ ਅਤੇ ਆਤਮ ਨਗਰ ਵਾਸੀ ਅੰਕੁਸ਼ ਗੋਇਲ ਦੇ ਕਬਜ਼ੇ ’ਚੋਂ 76 ਹਜ਼ਾਰ ਰੁਪਏ ਬਰਾਮਦ ਕੀਤੇ ਹਨ।