ਟ੍ਰਿਬਿਊਨ ਨਿਊਜ਼ ਸਰਵਿਸ
ਲੁਧਿਆਣਾ, 10 ਜੂਨ
ਲੁਧਿਆਣਾ ਦੇ ਪੁਲੀਸ ਕਮਿਸ਼ਨਰ ਡਾ. ਕੌਸਤਬ ਸ਼ਰਮਾ ਨੇ ਅੱਜ ਦੱਸਿਆ ਕਿ ਦੋ ਦਿਨ ਪਹਿਲਾਂ ਜਿਸ ਵਟਸਐਪ ਨੰਬਰ 78370-18501 ਨੂੰ ਜਾਰੀ ਕਰ ਕੇ ਲੋਕਾਂ ਨੂੰ ਨਸ਼ਾ ਤਸਕਰਾਂ ਬਾਰੇ ਜਾਣਕਾਰੀ ਸਾਂਝੀ ਕਰਨ ਦੀ ਅਪੀਲ ਕੀਤੀ ਗਈ ਸੀ, ਉਸ ਨੰਬਰ ਉਤੇ 70 ਤੋਂ ਵੀ ਜ਼ਿਆਦਾ ਸ਼ਿਕਾਇਤਾਂ ਆ ਚੁੱਕੀਆਂ ਹਨ।
ਹੈਰਾਨੀ ਦੀ ਗੱਲ ਇਹ ਹੈ ਕਿ ਸੰਗਰੂਰ, ਅੰਮ੍ਰਿਤਸਰ ਤੇ ਜਗਰਾਉਂ ਦੇ ਲੋਕ ਵੀ ਲੁਧਿਆਣਾ ਪੁਲੀਸ ਵੱਲੋਂ ਜਾਰੀ ਨੰਬਰ ’ਤੇ ਸ਼ਿਕਾਇਤਾਂ ਕਰ ਰਹੇ ਹਨ। ਜਿਸ ਤੋਂ ਬਾਅਦ ਕਮਿਸ਼ਨਰੇਟ ਪੁਲੀਸ ਨੇ ਇਨ੍ਹਾਂ ਜ਼ਿਲ੍ਹਿਆਂ ਨਾਲ ਸਬੰਧਤ ਅਧਿਕਾਰੀਆਂ ਨੂੰ ਸੂਚਨਾ ਦੇ ਕੇ ਅੱਗੇ ਦੀ ਕਾਰਵਾਈ ਕਰਨ ਲਈ ਆਖਿਆ ਹੈ। ਪੁਲੀਸ ਕਮਿਸ਼ਨਰ ਨੇ ਲੋਕਾਂ ਨੂੰ ਅਪੀਲ ਕੀਤੀ ਸੀ ਕਿ ਉਹ ਨਸ਼ਾ ਤਸਕਰਾਂ ਦੀ ਜਾਣਕਾਰੀ ਵੱਧ ਤੋਂ ਵੱਧ ਦੇਣ ਤਾਂ ਕਿ ਉਨ੍ਹਾਂ ਨੂੰ ਕਾਬੂ ਕੀਤਾ ਜਾ ਸਕੇ।
ਸੀਪੀ ਨੇ ਇਸ ਲਈ ਏਸੀਪੀ ਉੱਤਰੀ ਦੀ ਅਗਵਾਈ ’ਚ ਇੱਕ ਐਂਟੀ ਨਾਰਕੋਟਿਕਸ ਟੀਮ ਬਣਾਈ ਗਈ ਹੈ, ਜੋ ਕਿ ਵਟਸੈਅਪ ’ਤੇ ਆਏ ਮੈਸੇਜ ’ਤੇ ਹੀ ਕੰਮ ਕਰੇਗੀ। ਪੁਲੀਸ ਕਮਿਸ਼ਨਰ ਦਾ ਕਹਿਣਾ ਹੈ ਕਿ ਜਿਵੇਂ ਜਿਵੇਂ ਉਨ੍ਹਾਂ ਨੂੰ ਮੈਸੇਜ ਮਿਲ ਰਹੇ ਹਨ, ਉਨ੍ਹਾਂ ਦੀ ਟੀਮ ਵੱਲੋਂ ਦਿੱਤੀ ਗਈ ਸੂਚਨਾ ’ਤੇ ਕੰਮ ਕੀਤਾ ਜਾ ਰਿਹਾ ਹੈ। ਇੱਕ ਸੂਚਨਾ ’ਚ ਨਸ਼ਾ ਤਸਕਰ ਦਾ ਨਾਮ ਤੇ ਉਸਦਾ ਇਲਾਕਾ ਦੱਸਿਆ ਗਿਆ ਹੈ। ਇਹ ਵੀ ਸਾਂਝਾ ਕੀਤਾ ਗਿਆ ਹੈ ਕਿ ਉਸ ਕੋਲ ਗ੍ਰਾਹਕ ਕੌਣ ਕੌਣ ਹੈ। ਜੇਲ੍ਹ ਤੋਂ ਬਾਹਰ ਆਏ ਮੁਲਜ਼ਮ ਤੇ ਕਈ ਸਕੂਲ ਕਾਲਜਾਂ ਦੇ ਵਿਦਿਆਰਥੀ ਵੀ ਨਸ਼ਾ ਲੈਣ ਲਈ ਜਾਂਦੇ ਹਨ।