ਪੱਤਰ ਪ੍ਰੇਰਕ
ਮੰਡੀ ਅਹਿਮਦਗੜ੍ਹ, 5 ਜੂਨ
ਹਰੇਕ ਸਾਲ ਛੇ ਜੂਨ ਨੂੰ ਮਨਾਈ ਜਾਣ ਵਾਲੀ ਸਾਕਾ ਨੀਲਾ ਤਾਰਾ ਬਰਸੀ ਤੋਂ ਪਹਿਲਾਂ ਪੁਲੀਸ ਨੇ ਚੌਕਸੀ ਵਧਾ ਦਿੱਤੀ ਹੈ। ਘੱਲੂਘਾਰਾ ਹਫ਼ਤੇ ਦੌਰਾਨ ਪੂਰੀ ਮੁਸਤੈਦੀ ਨਾਲ ਸੁਰੱਖਿਆ ਪ੍ਰਬੰਧ ਕਰਕੇ ਇਲਾਕੇ ਦੀ ਸ਼ਾਂਤੀ ਬਹਾਲ ਰੱਖਣ ਵਿੱਚ ਕਾਮਯਾਬ ਰਹਿਣ ਤੋਂ ਬਾਅਦ ਸਥਾਨਕ ਪੁਲੀਸ ਆਖਰੀ ਦਿਨਾਂ ਦੌਰਾਨ ਕੋਈ ਜੋਖਮ ਨਹੀਂ ਲੈਣਾ ਚਾਹੁੰਦੀ ਅਤੇ ਪੱਬਾਂ ਭਾਰ ਹੈ। ਸਬ ਡਿਵੀਜ਼ਨ ਅਹਿਮਦਗੜ੍ਹ ਅਤੇ ਸਬ ਡਿਵੀਜ਼ਨ ਰਾਏਕੋਟ ਅਧੀਨ ਪੈਂਦੇ ਸ਼ਹਿਰਾਂ ਅਤੇ ਪਿੰਡਾਂ ਵਿੱਚ ਡੀਐੱਸਪੀ ਹਰਵਿੰਦਰ ਸਿੰਘ ਚੀਮਾ ਅਤੇ ਡੀਐੱਸਪੀ ਰਾਜਵਿੰਦਰ ਸਿੰਘ ਰੰਧਾਵਾ ਦੀ ਨਿਗਰਾਨੀ ਹੇਠ ਗਸ਼ਤ ਅਤੇ ਸਪੈਸ਼ਲ ਨਾਕਿਆਂ ਤੋਂ ਇਲਾਵਾ ਸਾਂਝੀਆਂ ਥਾਵਾਂ ਦੀਆਂ ਤਲਾਸ਼ੀਆਂ ਲਈਆਂ ਜਾ ਰਹੀਆਂ ਹਨ। ਹੋਟਲਾਂ, ਧਰਮਸ਼ਾਲਾਵਾਂ ਅਤੇ ਪੀਜੀ ਸੈਂਟਰਾਂ ਦੇ ਪ੍ਰਬੰਧਕਾਂ ਨੂੰ ਕਿਹਾ ਗਿਆ ਹੈ ਕਿ ਬਿਨਾਂ ਸ਼ਨਾਖਤੀ ਕਾਰਡ ਲਏ ਕਿਸੇ ਨੂੰ ਠਹਿਰਨ ਨਾ ਦਿੱਤਾ ਜਾਵੇ। ਸਰਕਾਰੀ ਜਨਤਕ ਥਾਵਾਂ, ਰੇਲਵੇ ਸਟੇਸ਼ਨਾਂ ਅਤੇ ਬੱਸ ਅੱਡਿਆਂ ਦੀ ਦਿਨ-ਰਾਤ ਨਿਗਰਾਨੀ ਰੱਖੀ ਜਾ ਰਹੀ ਹੈ। ਡੀਐੱਸਪੀ ਹਰਵਿੰਦਰ ਸਿੰਘ ਚੀਮਾ ਨੇ ਦੱਸਿਆ ਕਿ ਥਾਣਾ ਸਿਟੀ ਮੁਖੀ ਗੁਰਪ੍ਰੀਤ ਕੌਰ, ਥਾਣਾ ਸਦਰ ਮੁਖੀ ਸਿਕੰਦਰ ਸਿੰਘ ਚੀਮਾ ਅਤੇ ਚੌਕੀ ਜੌੜੇ ਪੁਲ ਮੁਖੀ ਸੁਖਵਿੰਦਰ ਸਿੰਘ ਦੀ ਅਗਵਾਈ ਵਿੱਚ ਸਾਰੇ ਬੀਟ ਅਫਸਰ ਆਪਣੇ ਆਪਣੇ ਖੇਤਰ ਦੀ ਮੁਸਤੈਦੀ ਨਾਲ ਨਿਗਰਾਨੀ ਕਰ ਰਹੇ ਹਨ। ਸਾਂਝੀਆਂ ਥਾਵਾਂ ਅਤੇ ਧਾਰਮਿਕ ਅਸਥਾਨਾਂ ਦੇ ਸੀਸੀਟੀਵੀ ਰਿਕਾਰਡ ਦੀ ਵੀ ਚੈਕਿੰਗ ਕੀਤੀ ਜਾ ਰਹੀ ਹੈ ਤਾਂਕਿ ਬੀਤੇ ਦਿਨਾਂ ਦੌਰਾਨ ਇਲਾਕੇ ਵਿੱਚ ਬਾਹਰੋਂ ਆਏ ਵਿਅਕਤੀਆਂ ਦੀ ਪਛਾਣ ਕੀਤੀ ਜਾ ਸਕੇ। ਰੇਲਵੇ ਸਟੇਸ਼ਨਾਂ ਅਤੇ ਬੱਸ ਅੱਡਿਆਂ ’ਤੇ ਸੁਰੱਖਿਆ ਬਲਾਂ ਦੀਆਂ ਸਪੈਸ਼ਲ ਟੀਮਾਂ ਲਗਾਈਆਂ ਹਨ ਅਤੇ ਰੇਲਵੇ ਪੁਲੀਸ ਨਾਲ ਵੀ ਤਾਲਮੇਲ ਵਧਾਇਆ ਗਿਆ ਹੈ।