ਟ੍ਰਿਬਿਊਨ ਨਿਊਜ਼ ਸਰਵਿਸ
ਲੁਧਿਆਣਾ, 22 ਅਕਤੂਬਰ
ਸਨਅਤੀ ਸ਼ਹਿਰ ਦੇ ਦਾਣਾ ਮੰਡੀ ਵਿੱਚ ਹੋਲਸੇਲ ਪਟਾਕਾ ਮਾਰਕੀਟ ਲਾਈ ਗਈ ਹੈ, ਜਿਥੇ ਲਗਾਤਾਰ ਮਿਲ ਰਹੀਆਂ ਸ਼ਿਕਾਇਤਾਂ ਤੋਂ ਬਾਅਦ ਲੁਧਿਆਣਾ ਪੁਲੀਸ ਨੇ ਛਾਪਾ ਮਾਰਿਆ। ਇਸ ਦੌਰਾਨ ਪਟਾਕਾ ਕਾਰੋਬਾਰੀਆਂ ਵੱਲੋਂ ਹਾਈਕੋਰਟ ਦੇ ਹੁਕਮਾਂ ਦੀ ਸ਼ਰ੍ਹੇਆਮ ਉਲੰਘਣਾ ਕੀਤੀ ਜਾ ਰਹੀ ਸੀ। ਟੀਮ ਨੇ ਜੁਆਇੰਟ ਪੁਲੀਸ ਕਮਿਸ਼ਨਰ ਸਿਟੀ ਡਾ. ਨਰਿੰਦਰ ਭਾਗਰਵ ਦੀ ਅਗਵਾਈ ’ਚ ਪੁਲੀਸ ਟੀਮ ਨੇ ਛਾਪਾ ਮਾਰਿਆ ਤਾਂ ਕਈ ਸੁਰੱਖਿਆ ਖਾਮੀਆਂ ਮਿਲੀਆਂ। ਜਿਸ ਤੋਂ ਬਾਅਦ ਅਧਿਕਾਰੀਆਂ ਨੇ ਦੁਕਾਨਦਾਰਾਂ ਨੂੰ ਚੇਤਾਵਨੀ ਦਿੱਤੀ ਅਤੇ ਪ੍ਰਸ਼ਾਸਨ ਵੱਲੋਂ ਜਾਰੀ ਹਦਾਇਤਾਂ ਦਾ ਪਾਲਣ ਕਰਨ ਦੇ ਹੁਕਮ ਦਿੱਤੇ। ਇਸ ਦੌਰਾਨ ਦੁਕਾਨਦਾਰਾਂ ਨੇ ਵੀ ਆਪਣਾ ਤਰਕ ਰੱਖਦਿਆਂ ਪੁਲੀਸ ਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ।
ਜਲੰਧਰ ਬਾਈਪਾਸ ਕੋਲ ਸਥਿਤ ਦਾਣਾ ਮੰਡੀ ’ਚ ਲੱਗਣ ਵਾਲੀ ਹੋਲਸੇਲ ਪਟਾਕਾ ਮਾਰਕੀਟ ’ਚ ਦੁਕਾਨਦਾਰਾਂ ਵੱਲੋਂ ਕੀਤੀ ਜਾ ਰਹੀ ਹੁਕਮਾਂ ਦੀ ਉਲੰਘਣਾ ਦੀਆਂ ਸ਼ਿਕਾਇਤਾਂ ਪ੍ਰਸ਼ਾਸਨ ਨੂੰ ਮਿਲੀਆਂ ਸਨ। ਪਹਿਲੀ ਸ਼ਿਕਾਇਤ ਇਹ ਸੀ ਕਿ ਦੁਕਾਨਦਾਰਾਂ ਨੇ 13 ਦੀ ਥਾਂ 26 ਦੁਕਾਨਾਂ ਲਾਈਆਂ ਹਨ ਅਤੇ ਜੋ ਖਾਲੀ ਥਾਂ ਛੱਡਣੀ ਚਾਹੀਦੀ ਸੀ, ਉਹ ਵੀ ਨਹੀਂ ਛੱਡੀ। ਇਸ ਤੋਂ ਇਲਾਵਾ ਦੁਕਾਨਦਾਰ ਖੁੱਲ੍ਹੇ ’ਚ ਪਟਾਕੇ ਵੇਚ ਰਹੇ ਸਨ। ਜ਼ਿਆਦਾਤਰ ਦੁਕਾਨਦਾਰਾਂ ਨੇ ਸ਼ੈੱਡ ਦੇ ਬਾਹਰ ਆਪਣੇ ਪਟਾਕੇ ਰੱਖੇ ਹੋਏ ਸਨ। ਜਿਸ ਤੋਂ ਬਾਅਦ ਜੇਸੀਪੀ ਡਾ. ਨਰਿੰਦਰ ਭਾਰਗਵ ਦੀ ਅਗਵਾਈ ’ਚ ਪੁਲੀਸ ਪਾਰਟੀ ਨੇ ਉਥੇ ਚੈਕਿੰਗ ਕੀਤੀ ਤਾਂ ਕਈ ਖਾਮੀਆਂ ਮਿਲੀਆਂ। ਪੁਲੀਸ ਨੇ ਦੁਕਾਨਦਾਰਾਂ ਨੂੰ ਅਜਿਹਾ ਨਾ ਕਰਨ ਦੀ ਚੇਤਾਵਨੀ ਦਿੱਤੀ ਜਿਸ ਦਾ ਦੁਕਾਨਦਾਰਾਂ ਨੇ ਵਿਰੋਧ ਕਰਨ ਦੀ ਕੋਸ਼ਿਸ਼ ਕੀਤੀ ਪਰ ਪੁਲੀਸ ਨੇ ਉਨ੍ਹਾਂ ਨੂੰ ਪ੍ਰਸ਼ਾਸਨ ਵੱਲੋਂ ਜਾਰੀ ਹੁਕਮਾਂ ਦੀ ਪਾਲਣਾ ਕਰਨ ਦੀ ਹਦਾਇਤ ਕੀਤੀ। ਪੁਲੀਸ ਨੇ ਇਸ ਦੌਰਾਨ ਦੁਕਾਨਾਂ ਦੇ ਬਾਹਰ ਪਏ ਪਟਾਕੇ ਅੰਦਰ ਕਰਵਾਏ ਤੇ 2 ਦੁਕਾਨਾਂ ਦੇ ਵਿੱਚ ਜੋ ਜਗ੍ਹਾ ਛੱਡਣ ਦੀ ਗੱਲ ਸੀ, ਉਸ ਨੂੰ ਪੂਰਾ ਕਰਨ ਦੇ ਹੁਕਮ ਜਾਰੀ ਕੀਤੇ। ਦੁਕਾਨਦਾਰਾਂ ਨੇ ਪੁਲੀਸ ਅਧਿਕਾਰੀਆਂ ਨੂੰ ਤਰਕ ਦਿੱਤਾ ਕਿ ਇਸ ਵਾਰ ਦਿਨ ਘਟ ਮਿਲੇ ਹਨ, ਜਿਸ ਕਾਰਨ ਗਾਹਕ ਲਗਾਤਾਰ ਆ ਰਹੇ ਹਨ ਅਤੇ ਉਨ੍ਹਾਂ ਨੂੰ ਸਟਾਕ ਵੀ ਲਗਾਤਾਰ ਮੰਗਵਾਉਣਾ ਪੈ ਰਿਹਾ ਹੈ। ਪੁਲੀਸ ਨੇ ਦੱਸਿਆ ਕਿ ਸੁਰੱਖਿਆ ਪੱਖੋਂ ਕਈ ਕਮੀਆਂ ਸਨ, ਜਿਨ੍ਹਾਂ ਨੂੰ ਪੂਰਾ ਕਰਨ ਲਈ ਪਟਾਕਾ ਕਾਰੋਬਾਰੀਆਂ ਨੂੰ ਕਿਹਾ ਗਿਆ ਹੈ।