ਟ੍ਰਿਬਿਊਨ ਨਿਊਜ਼ ਸਰਵਿਸ
ਲੁਧਿਆਣਾ, 6 ਜੂਨ
ਸਰਕਾਰੀ ਬਿਲਡਿੰਗਾਂ ਨੂੰ ਉਡਾਉਣ ਦੀ ਕਥਿਤ ਧਮਕੀ ਮਿਲਣ ਦਾ ਮਾਮਲਾ ਸਾਹਮਣੇ ਆਇਆ ਹੈ। ਹਾਲਾਂਕਿ ਇਹ ਸਪੱਸ਼ਟ ਨਹੀਂ ਕੀਤਾ ਗਿਆ ਕਿ ਸੂਬੇ ’ਚ ਕਿਹੜੇ ਸਥਾਨ ’ਤੇ ਕਿਸ ਬਿਲਡਿੰਗ ਨੂੰ ਉਡਾਇਆ ਜਾਵੇਗਾ। ਇਹ ਜਾਣਕਾਰੀ ਮਿਲਣ ਤੋਂ ਬਾਅਦ ਪੁਲੀਸ ਕਮਿਸ਼ਨਰ ਦਫ਼ਤਰ ਦੇ ਬਾਹਰ ਸੁਰੱਖਿਆ ਵਧਾ ਦਿੱਤੀ ਗਈ ਹੈ। ਜ਼ਿਕਰਯੋਗ ਹੈ ਕਿ ਕੁਝ ਸਮਾਂ ਪਹਿਲਾਂ ਮੁਹਾਲੀ ਸਥਿਤ ਪੰਜਾਬ ਪੁਲੀਸ ਦੇ ਖ਼ੁਫ਼ੀਆ ਵਿੰਗ ਦੇ ਮੁੱਖ ਦਫ਼ਤਰ ’ਤੇ ਬੰਬ ਧਮਾਕਾ ਹੋਇਆ ਸੀ, ਉਸ ਮਗਰੋਂ ਹੁਣ ਪੁਲੀਸ ਚੌਕਸੀ ਵਰਤ ਰਹੀ ਹੈ।
ਪੁਲੀਸ ਕਮਿਸ਼ਨਰ ਦਫ਼ਤਰ ਦੇ ਬਾਹਰ ਮੋਰਚਾ ਲਾ ਦਿੱਤਾ ਗਿਆ ਹੈ ਤੇ ਇਸ ਦੇ ਨਾਲ ਨਾਲ ਰੇਤੇ ਨਾਲ ਭਰੀਆਂ ਬੋਰੀਆਂ ਦੇ ਬੈਰੀਕੇਡ ਸਣੇ ਲੋਹੇ ਦੇ ਬੈਰੀਕੇਡ ਲਾ ਦਿੱਤੇ ਗਏ ਹਨ। ਇਸ ਤੋਂ ਇਲਾਵਾ ਹਰ ਗੱਡੀ ਨੂੰ ਚੈੱਕ ਕਰ ਕੇ ਪੁਲੀਸ ਕਮਿਸ਼ਨਰ ਦਫ਼ਤਰ ਦੇ ਅੰਦਰ ਜਾਣ ਦੀ ਆਗਿਆ ਦਿੱਤੀ ਜਾ ਰਹੀ ਹੈ। ਇਸ ਤੋਂ ਇਲਾਵਾ ਹਰ ਵਿਅਕਤੀ ਦਾ ਪਛਾਣ ਪੱਤਰ ਵੀ ਚੈੱਕ ਕੀਤਾ ਜਾ ਰਿਹਾ ਹੈ। ਇਸ ਤੋਂ ਇਲਾਵਾ ਪੁਲੀਸ ਵੱਲੋਂ ਮਹਾਂਨਗਰ ਦੇ ਹਰ ਥਾਣੇ ਦੇ ਬਾਹਰ ਵੀ ਬੋਰੀਆਂ ਲਾ ਕੇ ਸੁਰੱਖਿਆ ਦੇ ਪ੍ਰਬੰਧ ਕੀਤੇ ਗਏ ਹਨ ਅਤੇ ਹਰ ਸਮੇਂ ਤਿਆਰ ਰਹਿਣ ਦੇ ਹੁਕਮ ਜਾਰੀ ਕੀਤੇ ਗਏ ਹਨ।
ਪੰਜਾਬ ਦੇ ਦੀਨਾਨਗਰ ’ਚ ਹੋਏ ਅਤਿਵਾਦੀ ਹਮਲੇ ਤੋਂ ਬਾਅਦ ਪੰਜਾਬ ਦੇ ਹਰ ਸਰਕਾਰੀ ਦਫ਼ਤਰ ਦੇ ਨਾਲ ਨਾਲ ਹਰ ਥਾਣੇ ਅਤੇ ਚੌਕੀਆਂ ਦੇ ਬਾਹਰ ਰੇਤੇ ਦੀਆਂ ਬੋਰੀਆਂ ਨਾਲ ਬੈਰੀਕੇਡ ਬਣਾ ਕੇ ਹਥਿਆਰਾਂ ਨਾਲ ਲੈਸ ਕਰਮੀ ਤਾਇਨਾਤ ਕਰ ਦਿੱਤੇ ਗਏ ਸਨ। ਕੁਝ ਸਮਾਂ ਬੀਤਣ ਤੋਂ ਬਾਅਦ ਮਾਹੌਲ ਪਹਿਲਾਂ ਵਾਂਗ ਹੋ ਗਿਆ ਸੀ। ਪਰ ਮਈ ਮਹੀਨੇ ’ਚ ਮੁਹਾਲੀ ਸਥਿਤ ਪੰਜਾਬ ਪੁਲੀਸ ਦੇ ਖ਼ੁਫ਼ੀਆ ਵਿੰਗ ਦੇ ਦਫ਼ਤਰ ’ਤੇ ਹਮਲਾ ਕਰ ਦਿੱਤਾ ਗਿਆ ਸੀ। ਇਸ ਨਾਲ ਪੰਜਾਬ ਪੁਲੀਸ ਦੇ ਖੁਫ਼ੀਆਂ ਵਿਭਾਗ ’ਤੇ ਕਈ ਤਰ੍ਹਾਂ ਦੇ ਸਵਾਲੀਆਂ ਚਿੰਨ੍ਹ ਲੱਗੇ ਸਨ। ਇਸ ਤੋਂ ਬਾਅਦ ਪੰਜਾਬ ਪੁਲੀਸ ਦੇ ਸੀਨੀਅਰ ਅਧਿਕਾਰੀਆਂ ਨੇ ਹੁਣ ਮਿਲੀ ਜਾਣਕਾਰ ਦੇ ਆਧਾਰ ’ਤੇ ਸੁਰੱਖਿਆ ਪ੍ਰਬੰਧ ਕਰਨ ਲਈ ਕਿਹਾ ਹੈ। ਇਸ ਤੋਂ ਬਾਅਦ ਕਮਿਸ਼ਨਰੇਟ ਲੁਧਿਆਣਾ ’ਚ ਵੀ ਸੁਰੱਖਿਆ ਸਖ਼ਤ ਕਰ ਦਿੱਤੀ ਗਈ ਹੈ। ਪੁਲੀਸ ਕਮਿਸ਼ਨਰ ਦਫ਼ਤਰ, ਡੀਸੀ ਦਫ਼ਤਰ ਤੇ ਸੀਨੀਅਰ ਪੁਲੀਸ ਅਧਿਕਾਰੀਆਂ ਦੇ ਦਫ਼ਤਰਾਂ ਦੇ ਬਾਹਰ ਪੁਲੀਸ ਮੁਲਾਜ਼ਮ ਵੀ ਤਾਇਨਾਤ ਕਰ ਦਿੱਤੇ ਗਏ ਹਨ। ਇਸ ਦੇ ਨਾਲ ਨਾਲ ਬੋਰੀਆਂ ਲਾ ਕੇ ਮੋਰਚਾ ਵੀ ਲਾ ਦਿੱਤਾ ਗਿਆ ਹੈ ਤੇ ਇੱਥੇ ਮੁਲਾਜ਼ਮ ਹਥਿਆਰਾਂ ਨਾਲ ਲੈਸ ਖੜ੍ਹੇ ਹਨ। ਇਸ ਤੋਂ ਇਲਾਵਾ ਹਰ ਆਉਣ-ਜਾਣ ਵਾਲੇ ਤੇ ਵੀ ਨਜ਼ਰ ਰੱਖੀ ਜਾ ਰਹੀ ਹੈ।
ਪੁਲੀਸ ਕਮਿਸ਼ਨਰ ਡਾ. ਕੌਸਤਬ ਸ਼ਰਮਾ ਨੇ ਦੱਸਿਆ ਕਿ ਇਹ ਕੋਈ ਧਮਕੀ ਨਹੀਂ ਹੈ, ਖ਼ੁਫ਼ੀਆ ਵਿੰਗ ਦੇ ਦਫ਼ਤਰ ’ਤੇ ਜੋ ਹਮਲਾ ਹੋਇਆ ਸੀ, ਉਸ ਤੋਂ ਬਾਅਦ ਜਨਰਲ ਐਲਰਟ ਸੀ। ਸਾਰੇ ਸਰਕਾਰੀ ਦਫ਼ਤਰਾਂ ’ਚ ਸੁਰੱਖਿਆ ਵਧਾਉਣ ਦੇ ਹੁਕਮ ਸਨ। ਪੁਲੀਸ ਬਿਲਡਿੰਗ ਸਣੇ ਸਾਰੀਆਂ ਥਾਵਾਂ ਦੇ ਵਿੱਚ ਕਿਸੇ ਵੀ ਤਰ੍ਹਾਂ ਦੇ ਹਮਲੇ ਨੂੰ ਰੋਕਣ ਲਈ ਸੁਰੱਖਿਆ ਵਧਾਉਣ ਦੇ ਹੁਕਮ ਜਾਰੀ ਕੀਤੇ ਗਏ ਹਨ। ਇਸ ਦੇ ਨਾਲ ਹੀ ਪੁਲੀਸ ਕਮਿਸ਼ਨਰ ਦਫ਼ਤਰ, ਸਾਰੇ ਸੀਨੀਅਰ ਪੁਲੀਸ ਅਧਿਕਾਰੀਆਂ ਦੇ ਦਫ਼ਤਰਾਂ ਦੇ ਨਾਲ ਨਾਲ ਸਾਰੇ ਥਾਣਿਆਂ ਤੇ ਚੌਕੀਆਂ ’ਤੇ ਵੀ ਐਲਰਟ ਕਰ ਦਿੱਤਾ ਗਿਆ ਹੈ।