ਗੁਰਿੰਦਰ ਸਿੰਘ
ਲੁਧਿਆਣਾ, 3 ਅਕਤੂਬਰ
ਪੁਲੀਸ ਨੇ ਵਿਦੇਸ਼ ਭੇਜਣ ਦਾ ਝਾਂਸਾ ਦੇ ਕੇ ਲੋਕਾਂ ਨਾਲ ਲੱਖਾਂ ਰੁਪਏ ਦੀ ਠੱਗੀ ਮਾਰਨ ਦੇ ਦੋਸ਼ ਹੇਠ ਚਾਰ ਔਰਤਾਂ ਸਮੇਤ 16 ਜਣਿਆਂ ਖ਼ਿਲਾਫ਼ ਧੋਖਾਧੜੀ ਦਾ ਕੇਸ ਦਰਜ ਕੀਤਾ ਗਿਆ ਹੈ। ਥਾਣਾ ਦੁੱਗਰੀ ਦੀ ਪੁਲੀਸ ਨੂੰ ਜਤਿੰਦਰ ਸਿੰਘ ਵਾਸੀ ਪਿੰਡ ਧਾਂਦਰਾ ਨੇ ਦੱਸਿਆ ਕਿ ਗਾਇਕ ਸਲੀਮ ਖ਼ਾਨ ਉਰਫ਼ ਸੁੱਖਾ ਅਤੇ ਉਸਦੀ ਪਤਨੀ ਨਿੱਕੀ ਵੱਲੋਂ ਉਸਨੂੰ ਸਿੰਗਰ ਬਣਾ ਕੇ ਆਪਣੇ ਗਰੁੱਪ ਨਾਲ ਕੈਨੇਡਾ ਲਿਜਾਣ ਦਾ ਝਾਂਸਾ ਦੇ ਕੇ 3 ਲੱਖ ਰੁਪਏ ਲਏ ਗਏ ਸਨ, ਪਰ ਉਸਨੂੰ ਕੈਨੇਡਾ ਨਹੀਂ ਲਿਜਾਇਆ ਗਿਆ। ਇਸੇ ਤਰ੍ਹਾਂ ਥਾਣਾ ਸਦਰ ਦੀ ਪੁਲੀਸ ਨੂੰ ਬਲਬੀਰ ਸਿੰਘ ਨੇ ਦੱਸਿਆ ਕਿ ਉਸਦੀ ਲੜਕੀ ਰਜਿੰਦਰ ਕੌਰ ਨੂੰ ਕੈਨੇਡਾ ਪੀਆਰ ’ਤੇ ਭੇਜਣ ਲਈ ਬਲਬੀਰ ਸਿੰਘ, ਪ੍ਰੀਤੀ ਕੈੜਾ, ਬੇਅੰਤ ਸਿੰਘ, ਜਗਦੇਵ ਸਿੰਘ ਅਤੇ ਕਰਨਵੀਰ ਸਿੰਘ ਹੀਰਾ ਨੇ 2 ਲੱਖ 40 ਹਜ਼ਾਰ ਰੁਪਏ ਲਏ ਸਨ। ਇਸੇ ਤਰ੍ਹਾਂ ਥਾਣਾ ਪੀਏਯੂ ਦੀ ਪੁਲੀਸ ਨੂੰ ਪ੍ਰਤਾਪ ਸਿੰਘ ਵਾਲਾ ਵਾਸੀ ਅਸ਼ੋਕ ਕੁਮਾਰ ਨੇ ਦੱਸਿਆ ਕਿ ਮਨਿੰਦਰ ਕੁਮਾਰ ਫਿਲੋਰ ਨੇ ਉਸਦੇ ਲੜਕੇ ਰਾਹੁਲ ਨੂੰ ਵਰਕ ਪਰਮਿਟ ’ਤੇ ਨਿਊਜ਼ੀਲੈਂਡ ਭੇਜਣ ਲਈ 6 ਲੱਖ ਰੁਪਏ ਲਏ ਸਨ। ਇਸੇ ਤਰ੍ਹਾਂ ਥਾਣਾ ਡਿਵੀਜ਼ਨ ਨੰਬਰ ਸੱਤ ਦੀ ਪੁਲੀਸ ਨੂੰ ਦੁਰਗਾਪੁਰੀ ਹੈਬੋਵਾਲ ਵਾਸੀ ਸੁਮੇਸ਼ ਕੁਮਾਰ ਨੇ ਦੱਸਿਆ ਕਿ ਉਸਦੀ ਲੜਕੀ ਅਲੀਸ਼ਾ ਪਾਸੀ ਨੂੰ ਕੈਨੇਡਾ ਪੀਆਰ ’ਤੇ ਭੇਜਣ ਲਈ ਨਰਿੰਦਰ ਸਿੰਘ ਵਾਸੀ ਭਗਵਾਨ ਨਗਰ, ਉਸਦੀ ਪਤਨੀ ਇੰਦਰਜੀਤ ਕੌਰ, ਗੁਰਦੀਪ ਸਿੰਘ ਵਾਸੀ ਪਿੰਡ ਮੂੰਡੀਆਂ ਅਤੇ ਸੁਖਵੰਤ ਸਿੰਘ ਗਰੇਵਾਲ ਵਾਸੀ ਭਾਮੀਆਂ ਨੇ 7 ਲੱਖ 88 ਹਜ਼ਾਰ 720 ਰੁਪਏ ਲਏ ਸਨ। ਇੱਕ ਹੋਰ ਮਾਮਲੇ ਵਿੱਚ ਥਾਣਾ ਡਿਵੀਜ਼ਨ ਨੰਬਰ ਪੰਜ ਦੀ ਪੁਲੀਸ ਨੂੰ ਫਿਰੋਜ਼ਪੁਰ ਵਾਸੀ ਗੁਰਦੇਵ ਸਿੰਘ ਨੇ ਦੱਸਿਆ ਕਿ ਸੁਰਜੀਤ ਸਿੰਘ ਬਾਵਾ, ਉਸਦੀ ਪਤਨੀ ਅਨੂ ਬਾਵਾ, ਸਾਹਿਲਪ੍ਰੀਤ ਸਿੰਘ ਅਤੇ ਰਾਜ ਸਿੰਘ ਨੇ ਈਜ਼ੀ ਟਰੈਵਲ ਫਿਰੋਜ਼ ਗਾਂਧੀ ਮਾਰਕੀਟ ਦੇ ਨਾਂ ’ਤੇ ਉਸਦੇ ਪਰਿਵਾਰਕ ਮੈਂਬਰਾਂ ਨੂੰ ਵਰਕ ਪਰਮਿਟ ’ਤੇ ਕੈਨੇਡਾ ਭੇਜਣ ਲਈ 13 ਲੱਖ 42 ਹਜਾਰ 328 ਰੁਪਏ ਲਏ ਸਨ। ਪੁਲੀਸ ਅਧਿਕਾਰੀ ਨੇ ਦੱਸਿਆ ਕਿ ਸਾਰੇ ਮਾਮਲਿਆਂ ਵਿੱਚ ਮੁਲਜ਼ਮਾਂ ਨੇ ਨਾ ਤਾਂ ਇਨ੍ਹਾਂ ਨੂੰ ਵਿਦੇਸ਼ ਭੇਜਿਆ ਅਤੇ ਨਾ ਹੀ ਪੈਸੇ ਵਾਪਸ ਕੀਤੇ।