ਨਿੱਜੀ ਪੱਤਰ ਪ੍ਰੇਰਕ
ਖੰਨਾ, 4 ਮਾਰਚ
ਇਥੋਂ ਦੇ ਸਦਰ ਥਾਣਾ ਪੁਲੀਸ ਇਕ ਵਾਰ ਮੁੜ ਵਿਵਾਦਾਂ ’ਚ ਘਿਰ ਗਈ। ਇਸ ਵਾਰ ਪੁਲੀਸ ’ਤੇ ਸ਼ਹਿਰ ਦੇ ਵਾਰਡ ਨੰਬਰ-9 ਦੇ ਬਜ਼ੁਰਗ ਜੋੜੇ ਤੇ ਉਸ ਦੀ ਜਵਾਨ ਧੀ ਨੂੰ ਘਰ ਤੋਂ ਜ਼ਬਰੀ ਥਾਣੇ ਲਿਜਾ ਕੇ ਉਨ੍ਹਾਂ ਦੀ ਕੁੱਟਮਾਰ ਤੇ ਬੇਇੱਜ਼ਤ ਕਰਨ ਦੇ ਦੋਸ਼ ਲੱਗੇ ਹਨ। ਸਿਵਲ ਹਸਪਤਾਲ ਵਿਚ ਦਾਖ਼ਲ ਜਸਮੇਲ ਸਿੰਘ ਤੇ ਉਨ੍ਹਾਂ ਦੀ ਪਤਨੀ ਕੁਲਦੀਪ ਕੌਰ ਨੇ ਦੱਸਿਆ ਕਿ ਉਨ੍ਹਾਂ ਦਾ ਪੁੱਤਰ ਚੰਡੀਗੜ੍ਹ ਚੋਣ ਵਿਭਾਗ ਵਿਚ ਨੌਕਰੀ ਕਰਦਾ ਹੈ। ਉਨ੍ਹਾਂ ਆਪਣੇ ਪੁੱਤਰ ਨੂੰ ਨਸ਼ਾ ਛੁਡਾਊ ਕੇਂਦਰ ਵਿਚ ਦਾਖਲ ਕਰਵਾ ਦਿੱਤਾ। ਉਨ੍ਹਾਂ ਦੱਸਿਆ ਕਿ ਉਨ੍ਹਾਂ ਦੇ ਪੁੱਤਰ ਨਾਲ ਨਸ਼ਾ ਕਰਨ ਵਾਲੇ ਨੌਜਵਾਨ ਸਦਰ ਪੁਲੀਸ ਦੇ ਮੁਲਾਜ਼ਮ ਨਾਲ ਉਨ੍ਹਾਂ ਦੇ ਘਰ ਆਏ ਤੇ ਪੁੱਤਰ ਬਾਰੇ ਪੁੱਛਣ ਲੱਗੇ। ਉਨ੍ਹਾਂ ਦੱਸਣ ਤੋਂ ਇਨਕਾਰ ਕਰ ਦਿੱਤਾ ਕਿਉਂਕਿ ਉਨ੍ਹਾਂ ਦਾ ਘਰ ਸਿਟੀ ਥਾਣੇ ਅਧੀਨ ਆਉਂਦਾ ਹੈ। ਕੁਝ ਦੇਰ ਬਾਅਦ ਪੁਲੀਸ ਉਨ੍ਹਾਂ ਦੇ ਪਰਿਵਾਰ ਨੂੰ ਥਾਣੇ ਲੈ ਗਈ ਤੇ ਕੁੱਟਮਾਰ ਕੀਤੀ। ਜਦੋਂ ਉਨ੍ਹਾਂ ਦੀ ਧੀ ਨੇ ਵਾਰਡ ਦੇ ਕੌਂਸਲਰ ਲਾਡੀ ਮਾਨ ਨਾਲ ਗੱਲ ਕਰਵਾਉਣ ਦੀ ਕੋਸ਼ਿਸ਼ ਕੀਤੀ ਤਾਂ ਉਸ ਨੂੰ ਵੀ ਥੱਪੜ ਮਾਰਿਆ ਗਿਆ। ਪਰਿਵਾਰ ਨੇ ਕੁੱਟਮਾਰ ਕਰਨ ਵਾਲੇ ਪੁਲੀਸ ਅਧਿਕਾਰੀਆਂ ਖਿਲਾਫ਼ ਕਾਰਵਾਈ ਦੀ ਮੰਗ ਕੀਤੀ। ਇਸ ਮੌਕੇ ਕੌਂਸਲਰ ਲਾਡੀ ਮਾਨ ਨੇ ਕਿਹਾ ਕਿ ਇਸ ਮਾਮਲੇ ਦੀ ਜਾਂਚ ਕਰਵਾ ਕੇ ਸਖਤ ਕਾਰਵਾਈ ਕੀਤੀ ਜਾਵੇ ਨਹੀਂ ਤਾਂ ਵਾਰਡ ਦੇ ਲੋਕ ਧਰਨਾ ਦੇਣ ਲਈ ਮਜ਼ਬੂਰ ਹੋਣਗੇ। ਇਸ ਸਬੰਧੀ ਡੀਐੱਸਪੀ ਰਾਜਨਪਰਮਿੰਦਰ ਸਿੰਘ ਨੇ ਕਿਹਾ ਕਿ ਜਸਮੇਲ ਸਿੰਘ ਦੇ ਪੁੱਤਰ ਲਵਪ੍ਰੀਤ ਸਿੰਘ ਨੂੰ ਅਗਵਾ ਕਰਨ ਦੀ ਸ਼ਿਕਾਇਤ ਕੰਟਰੋਲ ਰੂਮ ’ਤੇ ਆਈ ਸੀ। ਉਨ੍ਹਾਂ ਕਿਹਾ ਕਿ ਜਸਮੇਲ ਸਿੰਘ ਨੇ ਪੁਲੀਸ ਨਾਲ ਬਦਸਲੂਕੀ ਕੀਤੀ ਸੀ ਜਿਸ ਉਪਰੰਤ ਉਸ ਨੂੰ ਥਾਣੇ ਤੋਂ ਬਾਹਰ ਭੇਜ ਦਿੱਤਾ ਗਿਆ ਸੀ। ਪਰਿਵਾਰ ਵੱਲੋਂ ਲਾਏ ਦੋਸ਼ਾਂ ਦੀ ਜਾਂਚ ਸਿਟੀ-1 ਐੱਸਐੱਚਓ ਨੂੰ ਸੌਂਪੀ ਗਈ ਹੈ। ਐੱਸਐੱਚਓ ਸਦਰ ਜਗਜੀਤ ਸਿੰਘ ਨੇ ਕਿਹਾ ਕਿ ਕੁੱਟਮਾਰ ਤੇ ਬੇਇੱਜ਼ਤੀ ਦੇ ਦੋਸ਼ਾਂ ’ਚ ਕੋਈ ਸੱਚਾਈ ਨਹੀਂ ਹੈ, ਸਗੋਂ ਪਰਿਵਾਰ ਨੇ ਪੁਲੀਸ ਨਾਲ ਬਦਸਲੂਕੀ ਕੀਤੀ ਹੈ।