ਟ੍ਰਿਬਿਊਨ ਨਿਊਜ਼ ਸਰਵਿਸ
ਲੁਧਿਆਣਾ, 8 ਜੂਨ
ਸੂਬੇ ਦੀਆਂ ਸਭ ਤੋਂ ਵੱਡੀਆਂ ਜੇਲ੍ਹਾਂ ’ਚ ਸ਼ਾਮਲ ਲੁਧਿਆਣਾ ਕੇਂਦਰੀ ਜੇਲ੍ਹ ’ਚ ਇੰਨੀ ਸਖਤੀ ਦੇ ਬਾਵਜੂਦ ਵੀ ਮੋਬਾਈਲ ਫੋਨ ਲਗਾਤਾਰ ਮਿਲਣਾ ਜਾਰੀ ਹੈ। ਪੰਜਾਬ ਪੁਲੀਸ ਦੇ ਨਾਲ-ਨਾਲ ਸੀਆਰਪੀਐੱਫ਼ ਦਾ ਸਖ਼ਤ ਪਹਿਰਾ ਹੈ। ਪਰ ਫਿਰ ਵੀ ਜੇਲ੍ਹਾਂ ਅੰਦਰ ਫੋਨ ਧੜੱਲੇ ਨਾਲ ਚੱਲ ਰਹੇ ਹਨ। ਜੇਕਰ ਦੇਖਿਆ ਜਾਵੇ ਤਾਂ ਕੁਝ ਦਿਨ ਪਹਿਲਾਂ ਹੀ ਪੁਲੀਸ ਨੇ ਜੇਲ੍ਹ ’ਚੋਂ 30 ਤੋਂ ਉਪਰ ਫੋਨ ਬਰਾਮਦ ਕੀਤੇ ਸਨ। ਜਿਸ ਦੇ ਲਈ ਕੇਂਦਰੀ ਜੇਲ੍ਹ ਵਿੱਚ ਪੁਲੀਸ ਤੇ ਸੀਆਰਪੀਐੱਫ਼ ਦੇ ਮੁਲਾਜ਼ਮਾਂ ਨੇ ਤਲਾਸ਼ੀ ਮੁਹਿੰਮ ਚਲਾਈ, ਇਸ ਦੌਰਾਨ ਹਵਾਲਾਤੀਆਂ ਦੇ ਕਬਜ਼ੇ ’ਚੋਂ ਫੋਨ ਮਿਲੇ। ਜੇਲ੍ਹ ਮੰਤਰੀ ਨੇ ਕੁਝ ਦਿਨ ਪਹਿਲਾਂ ਅਚਾਨਕ ਲੁਧਿਆਣਾ ਜੇਲ੍ਹ ਦਾ ਦੌਰਾ ਕੀਤਾ ਸੀ ਤੇ ਦਾਅਵਾ ਕੀਤਾ ਸੀ ਕਿ ਲੁਧਿਆਣਾ ਨੂੰ ਮੋਬਾਈਲ ਮੁਕਤ ਜੇਲ੍ਹ ਬਣਾਇਆ ਜਾਵੇਗਾ, ਪਰ ਰੋਜ਼ਾਨਾ ਫੋਨ ਮਿਲਣਾ ਵੱਡੇ ਸਵਾਲ ਖੜ੍ਹਾ ਕਰਦਾ ਹੈ। ਜੇਲ੍ਹ ਪ੍ਰਸ਼ਾਸਨ ਨੇ ਹਵਾਲਾਤੀਆਂ ਤੋਂ ਫੋਨ ਮਿਲਣ ਦੀ ਜਾਣਕਾਰੀ ਪੁਲੀਸ ਨੂੰ ਦਿੱਤੀ। ਜਿਸ ਤੋਂ ਬਾਅਦ ਥਾਣਾ ਡਵੀਜ਼ਨ ਨੰਬਰ-7 ਦੀ ਪੁਲੀਸ ਨੇ ਜੇਲ੍ਹ ਦੇ ਸਹਾਇਕ ਸੁਪਰਡੈਂਟ ਸੁਖਦੇਵ ਸਿੰਘ ਦੀ ਸ਼ਿਕਾਇਤ ’ਤੇ ਵਰਿੰਦਰ ਸਿੰਘ, ਸੁਨੀਲ ਕਾਲੜਾ, ਗੁਰਪ੍ਰੀਤ ਸਿੰਘ, ਆਜ਼ਮ ਅਤੇ ਰਛਪਾਲ ਦੇ ਖਿਲਾਫ਼ ਕੇਸ ਦਰਜ ਕਰ ਲਿਆ ਹੈ। ਪੁਲੀਸ ਮੁਲਜ਼ਮਾਂ ਨੂੰ ਪ੍ਰੋਡਕਸ਼ਨ ਵਾਰੰਟ ’ਤੇ ਲਿਆਉਣ ਦੀ ਤਿਆਰੀ ’ਚ ਹੈ।
ਜੇਲ੍ਹ ’ਚ ਪੰਜਾਬ ਪੁਲੀਸ ਦੇ ਨਾਲ-ਨਾਲ ਸੀਆਰਪੀਐੱਫ਼ ਦਾ ਵੀ ਪਹਿਰਾ ਰਹਿੰਦਾ ਹੈ। ਪਿਛਲੇ ਕੁਝ ਦਿਨਾਂ ਤੋਂ ਲਗਾਤਾਰ ਫੋਨ ਮਿਲਦੇ ਹੀ ਜਾ ਰਹੇ ਹਨ। ਬੀਤੇ ਦਿਨ ਜੇਲ੍ਹ ਪ੍ਰਸ਼ਾਸਨ ਵੱਲੋਂ ਸੀਆਰਪੀਐੱਫ਼ ਦੇ ਨਾਲ ਜੇਲ੍ਹ ਵਿੱਚ ਵਿਸ਼ੇਸ਼ ਤਲਾਸ਼ੀ ਮੁਹਿੰਮ ਚਲਾਈ। ਜਿਵੇਂ ਮੁਲਾਜ਼ਮਾਂ ਨੇ ਅੰਦਰ ਤਲਾਸ਼ੀ ਸ਼ੁਰੂ ਕੀਤੀ ਤਾਂ ਅੰਦਰ ਹਵਾਲਾਤੀਆਂ ਨੇ ਫੋਨ ਲੁਕਾ ਲਏ। ਪੁਲੀਸ ਨੂੰ ਪਤਾ ਲੱਗਿਆ ਤਾਂ ਅਧਿਕਾਰੀਆਂ ਨੇ ਮੁਲਜ਼ਮਾਂ ਤੋਂ ਫੋਨ ਕਢਵਾਏ।