ਜੋਗਿੰਦਰ ਸਿੰਘ ਓਬਰਾਏ
ਖੰਨਾ, 24 ਨਵੰਬਰ
ਪਿਛਲੇ ਕਈ ਦਿਨਾਂ ਤੋਂ ਨੈਸ਼ਨਲ ਹਾਈਵੇਅ ਦੇ ਨਾਲ ਨਾਲ ਨਾਜਾਇਜ਼ ਕਬਜ਼ਾ ਕਰਨ ਵਾਲਿਆਂ ’ਤੇ ਕਾਰਵਾਈ ਅਤੇ ਚਿਤਾਵਨੀ ਉਪਰੰਤ ਅੱਜ ਤਿੱਖਾ ਸ਼ਿਕੰਜਾ ਕੱਸਿਆ ਗਿਆ। ਐੱਸਐੱਚਓ ਲਾਭ ਸਿੰਘ ਅਤੇ ਈਓ ਚਰਨਜੀਤ ਸਿੰਘ ਦੀ ਟੀਮ ਨੇ ਸਖ਼ਤੀ ਦਿਖਾਉਂਦਿਆਂ ਅੱਜ ਮੰਜਾ ਮਾਰਕੀਟ ਅਤੇ ਆਲੇ ਦੁਆਲੇ ਨਾਜਾਇਜ਼ ਕਬਜ਼ਾ ਕਰਕੇ ਰੱਖਿਆ ਸਾਮਾਨ ਟਰਾਲੀਆਂ ਵਿਚ ਭਰਿਆ। ਇਸ ਦੇ ਨਾਲ ਹੀ ਪੁਲੀਸ ਨੇ ਨੈਸ਼ਨਲ ਹਾਈਵੇ ਨੂੰ ਚੌੜਾ ਕਰਨ ਲਈ ਫੁੱਟਪਾਥ ਨੂੰ ਤੋੜਨਾ ਸ਼ੁਰੂ ਕੀਤਾ ਤਾਂ ਜੋ ਨਾਜਾਇਜ਼ ਕਬਜ਼ਿਆਂ ਦਾ ਅੱਡਾ ਬਣ ਚੁੱਕੇ ਫੁੱਟਪਾਥਾਂ ਦੀ ਥਾਂ ’ਤੇ ਵਾਹਨ ਖੜ੍ਹੇ ਕੀਤੇ ਜਾ ਸਕਣ ਅਤੇ ਟ੍ਰੈਫ਼ਿਕ ਸਮੱਸਿਆ ਤੋਂ ਛੁਟਕਾਰਾ ਮਿਲੇ।
ਐੱਸਡੀਐੱਮ ਵੱਲੋਂ ਸਫ਼ਾਈ ਪ੍ਰਬੰਧਾਂ ਦਾ ਜਾਇਜ਼ਾ
ਰਾਏਕੋਟ (ਰਾਮ ਗੋਪਾਲ ਰਾਏਕੋਟੀ): ਸਥਾਨਕ ਪ੍ਰਸ਼ਾਸਨ ਵੱਲੋਂ ਸ਼ਹਿਰ ਨੂੰ ਸਾਫ ਸੁਥਰਾ ਬਣਾਉਣ ਲਈ ਸ਼ੁਰੂ ਕੀਤੀ ਗਈ ਮੁਹਿੰਮ ‘ਮੇਰਾ ਸ਼ਹਿਰ ਮੇਰੀ ਜ਼ਿੰਮੇਵਾਰੀ’ ਤਹਿਤ ਅੱਜ ਐੱਸਡੀਐਮ ਡਾ. ਹਿਮਾਂਸ਼ੂ ਗੁਪਤਾ ਵੱਲੋਂ ਨਗਰ ਕੌਂਸਲ ਅਧਿਕਾਰੀਆਂ ਨਾਲ ਸ਼ਹਿਰ ਦੇ ਬਰਨਾਲਾ ਚੌਕ ਤੋਂ ਲੈ ਕੇ ਬੱਸ ਸਟੈਂਡ ਤਕ ਪੈਦਲ ਚੱਲ ਕੇ ਸਫਾਈ ਦਾ ਜਾਇਜ਼ਾ ਲਿਆ ਗਿਆ। ਇਸ ਮੌਕੇ ਐੱਸਡੀਐੱਮ ਸ੍ਰੀ ਗੁਪਤਾ ਨੇ ਰੋਡ ਦੇ ਨਾਲ ਲਗਦੇ ਪਲਾਟਾਂ ਵਿੱਚ ਪਏ ਕੂੜੇ ਦੇ ਢੇਰਾਂ ਸਬੰਧੀ ਨਗਰ ਕੌਂਸਲ ਅਧਿਕਾਰੀਆਂ ਕੋਲੋਂ ਪੁੱਛਗਿੱਛ ਕੀਤੀ ਅਤੇ ਮੌਕੇ ’ਤੇ ਹੀ ਕੂੜਾ ਚੁਕਵਾਇਆ।