ਮਹੇਸ਼ ਸ਼ਰਮਾ
ਮੰਡੀ ਅਹਿਮਦਗੜ੍ਹ, 5 ਅਪਰੈਲ
ਸਥਾਨਕ ਸ਼ਹਿਰ ਤੋਂ ਇਲਾਵਾ ਨੇੜਲੇ ਕਰੀਬ ਤੀਹ ਪਿੰਡਾਂ ਦੇ ਵਸਨੀਕਾਂ ਨੇ ਉਸ ਵੇਲੇ ਸੁੱਖ ਦਾ ਸਾਹ ਲਿਆ, ਜਦੋਂ ਕਰੀਬ ਢਾਈ ਸਾਲ ਤੋਂ ਵੱਧ ਸਮੇਂ ਤੋਂ ਉਸਾਰੀ ਅਧੀਨ ਪੋਹੀੜ ਰੋਡ ਰੇਲਵੇ ਓਵਰਬ੍ਰਿਜ ਆਮ ਪਬਲਿਕ ਲਈ ਖੋਲ੍ਹ ਦਿੱਤਾ ਗਿਆ। ਕੇਂਦਰ ਸਰਕਾਰ ਅਤੇ ਸੂਬਾ ਸਰਕਾਰ ਵੱਲੋਂ ਸਾਂਝੇ ਤੌਰ ’ਤੇ ਬਣਾਏ ਗਏ ਇਸ ਪੁਲ ਨੂੰ ਵਿਧਾਇਕ ਜਸਵੰਤ ਸਿੰਘ ਗੱਜਣਮਾਜਰਾ ਨੇ ਲੋਕਾਂ ਦੇ ਸਮਰਪਿਤ ਕਰਦਿਆਂ ਉਦਘਾਟਨ ਦੀ ਰਸਮ ਅਦਾ ਕੀਤੀ।
ਸੂਬੇ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਦੇ ਗਠਨ ਤੋਂ ਬਾਅਦ ਵਿਧਾਇਕ ਗੱਜਣਮਾਜਰਾ ਪੁਲ ਨੂੰ ਚਾਲੂ ਕਰਵਾਉਣ ਲਈ ਲਗਾਤਾਰ ਰੇਲਵੇ ਵਿਭਾਗ ਦੇ ਉੱਚ ਅਧਿਕਾਰੀਆਂ ’ਤੇ ਦਬਾਅ ਬਣਾਉਣ ਲਈ ਮੁੱਖ ਮੰਤਰੀ ਭਗਵੰਤ ਮਾਨ ਨੂੰ ਮਿਲਦੇ ਰਹੇ ਹਨ। ਗੱਜਣਮਾਜਰਾ ਨੇ ਦਾਅਵਾ ਕੀਤਾ ਕਿ ਜੋ ਕਮੀਆਂ ਓਵਰਬ੍ਰਿਜ ਜਾਂ ਅੰਡਰਬ੍ਰਿਜ ਵਿੱਚ ਰਹਿ ਗਈਆਂ ਹਨ, ਉਹ ਵੀ ਜਲਦੀ ਪੂਰੀਆਂ ਕਰ ਲਈਆਂ ਜਾਣਗੀਆਂ। ਇਸ ਮੌਕੇ ਨਗਰ ਕੌਂਸਲ ਪ੍ਰਧਾਨ ਵਿਕਾਸ ਟੰਡਨ, ਸਾਬਕਾ ਪ੍ਰਧਾਨ ਰਵਿੰਦਰ ਪੁਰੀ, ਜਤਿੰਦਰ ਭੋਲਾ ਆਦਿ ਹਾਜ਼ਰ ਸਨ।