ਖੇਤਰੀ ਪ੍ਰਤੀਨਿਧ
ਲੁਧਿਆਣਾ, 4 ਮਈ
ਲੋਕ ਵਿਰਾਸਤ ਅਕਾਡਮੀ ਲੁਧਿਆਣਾ ਅਤੇ ਕਾਮਰਸ ਮੈਨੇਜਮੈਂਟ ਐਸੋਸੀਏਸ਼ਨ ਲੁਧਿਆਣਾ ਵੱਲੋਂ ਯੁੱਗ ਕਵੀ ਪ੍ਰੋ. ਮੋਹਨ ਸਿੰਘ ਦੀ 42ਵੀਂ ਬਰਸੀ ਮੌਕੇ ਪ੍ਰੋ. ਮੋਹਨ ਸਿੰਘ ਯਾਦਗਾਰੀ ਆਨਲਾਈਨ ਵਿਚਾਰ ਚਰਚਾ ਤੇ ਕਵੀ ਦਰਬਾਰ ਕਰਵਾਇਆ ਗਿਆ ਜਿਸ ਦੀ ਪ੍ਰਧਾਨਗੀ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਸਾਬਕਾ ਵਾਈਸ ਚਾਂਸਲਰ ਡਾ. ਐੱਸ ਪੀ ਸਿੰਘ ਨੇ ਕੀਤੀ। ਉਨ੍ਹਾਂ ਕਿਹਾ ਕਿ ਪ੍ਰੋ. ਮੋਹਨ ਸਿੰਘ ਨੇ ਯੁੱਗ ਕਵੀ ਹੋਣ ਦੀ ਉਪਾਧੀ ਅਲੌਕਿਕ ਪ੍ਰਤਿਭਾ ਕਾਰਨ ਹਾਸਲ ਕੀਤੀ। ਲੋਕ ਵਿਰਾਸਤ ਅਕਾਡਮੀ ਦੇ ਚੇਅਰਮੈਨ ਪ੍ਰੋ. ਗੁਰਭਜਨ ਸਿੰਘ ਗਿੱਲ ਨੇ ਕਿਹਾ ਕਿ ਉਨ੍ਹਾਂ ਦੀ ਹਾਜ਼ਰੀ ’ਚ ਕਦੇ ਛੋਟੇਪਨ ਦਾ ਅਹਿਸਾਸ ਨਹੀਂ ਸੀ ਹੁੰਦਾ। ਪੰਜਾਬ ਯੂਨੀਵਰਸਿਟੀ ਦੇ ਸਾਬਕਾ ਪ੍ਰੋਫੈਸਰ ਡਾ. ਸੁਖਦੇਵ ਸਿੰਘ ਸਿਰਸਾ ਨੇ ਕਿਹਾ ਕਿ ਪ੍ਰੋ. ਮੋਹਨ ਸਿੰਘ ਨੇ ਰਵਾਇਤੀ ਸੋਚ ਧਾਰਾ ਦੀ ਥਾਂ ਮਨੁੱਖ ਦੇ ਅੰਤਰੀਵ ਨੂੰ ਪਹਿਲੀ ਵਾਰ ਰਚਨਾ ਦੇ ਕੇਂਦਰ ’ਚ ਲਿਆਂਦਾ। ਡੌਲੀ ਗੁਲੇਰੀਆ ਨੇ ਆਪਣੀ ਬੇਟੀ ਸੁਨਯਨੀ ਨਾਲ ਮਿਲ ਕੇ ਪ੍ਰੋ. ਮੋਹਨ ਸਿੰਘ ਦੇ ਕੁਝ ਗੀਤ ਤੇ ਕਵਿਤਾਵਾਂ ਤੋਂ ਇਲਾਵਾ ਲੋਕ ਗੀਤ ਵੀ ਸੁਣਾਏ। ਮੁੱਖ ਮਹਿਮਾਨ ਵਜੋਂ ਬੋਲਦਿਆਂ ਸੰਸਦ ਮੈਂਬਰ ਮੁਹੰਮਦ ਸਦੀਕ ਨੇ ਕਿਹਾ ਕਿ 1978 ਤੋਂ ਸ. ਜਗਦੇਵ ਸਿੰਘ ਜੱਸੋਵਾਲ ਤੇ ਸਾਥੀਆਂ ਨਾਲ ਮਿਲ ਕੇ ਪ੍ਰੋ. ਮੋਹਨ ਸਿੰਘ ਯਾਦਗਾਰੀ ਮੇਲੇ ਦੀ ਸੇਵਾ ਕੀਤੀ ਪਰ 1985 ਵਿੱਚ ਫਾਊਂਡੇਸ਼ਨ ਦੇ ਆਦੇਸ਼ ’ਤੇ ਜਦੋਂ ਪ੍ਰੋ: ਮੋਹਨ ਸਿੰਘ ਦੇ ਕਲਾਮ ਨੂੰ ਸੰਗੀਤਬੱਧ ਕੀਤਾ ਤਾਂ ਉਨ੍ਹਾਂ ਆਤਮਿਕ ਬੁਲੰਦੀ ਮਹਿਸੂਸ ਕੀਤੀ।
ਇਸ ਮੌਕੇ ਪ੍ਰੋ. ਮੋਹਨ ਸਿੰਘ ਨੂੰ ਸਮਰਪਿਤ ਕਵੀ ਦਰਬਾਰ ਕਰਵਾਇਆ ਗਿਆ ਜਿਸ ਵਿੱਚ ਸੁਖਵਿੰਦਰ ਅੰਮ੍ਰਿਤ, ਡਾ. ਲਖਵਿੰਦਰ ਜੌਹਲ, ਸੁਰਜੀਤ ਜੱਜ, ਡਾ. ਅਸ਼ਵਨੀ ਭੱਲਾ, ਕਰਮਜੀਤ ਸਿੰਘ ਗਰੇਵਾਲ, ਪ੍ਰੋ. ਜਸਬੀਰ ਸਿੰਘ ਸ਼ਾਇਰ ਤੋਂ ਇਲਾਵਾ ਪਾਕਿਸਤਾਨ ਤੋਂ ਡਾ: ਇਕਬਾਲ ਕੈਸਰ ਤੇ ਲੰਡਨ ਤੋਂ ਅਜ਼ੀਮ ਸ਼ੇਖ਼ਰ ਨੇ ਵੀ ਹਾਜ਼ਰੀ ਲੁਆਈ।