ਪੱਤਰ ਪ੍ਰੇਰਕ
ਸਮਰਾਲਾ, 25 ਅਪਰੈਲ
ਪਿੰਡ ਦਿਆਲਪੁਰਾ ਵਿੱਚ ਸਾਹਿਤਕਾਰ ਸੁਖਦੀਪ ਸਿੰਘ ਲੀਲ (ਦਿਆਲਪੁਰੀ) ਅਤੇ ਉਸਦੇ ਪਰਿਵਾਰ ਵੱਲੋਂ ਆਪਣੇ ਪਿਤਾ ਸਵਰਗੀ ਜਸਵੰਤ ਸਿੰਘ ਲੀਲ ਦੀ ਯਾਦ ਨੂੰ ਸਮਰਪਿਤ ਕਵੀ ਦਰਬਾਰ ਅਤੇ ਸਨਮਾਨ ਸਮਾਗਮ ਪਿੰਡ ਦੇ ਗੁਰਦੁਆਰਾ ਸਾਹਿਬ ਵਿੱਚ ਕਰਵਾਇਆ ਗਿਆ। ਵੱਖ-ਵੱਖ ਥਾਵਾਂ ਤੋਂ ਪਹੁੰਚੇ ਕਵੀਆਂ ਨੇ ਆਪਣੀਆਂ ਰਚਨਾਵਾਂ ਪੇਸ਼ ਕੀਤੀਆਂ, ਜਿਸ ਵਿੱਚ ਜਿੰਮੀ ਅਹਿਮਦਗੜ੍ਹ ਨੇ ਤਰਨੁਮ ਵਿੱਚ ਗੀਤ ਸੁਣਾਇਆ। ਹਰਬੰਸ ਮਾਲਵਾ, ਸੁਖਦੇਵ ਸਿੰਘ ਕਲੇਰ, ਮਾਸਟਰ ਜਗਦੇਵ ਸਿੰਘ ਘੁੰਗਰਾਲੀ ਆਦਿ ਨੇ ਆਪਣੀਆਂ ਰਚਨਾਵਾਂ ਪੇਸ਼ ਕੀਤੀਆਂ। ਸੁਖਦੀਪ ਸਿੰਘ ਨੇ ਆਪਣੇ ਪਿਤਾ ਨੂੰ ਸਮਰਪਿਤ ਗੀਤ ‘ਤੇਰੀ ਯਾਦ ਨਹੀਂ ਭੁਲਣੀ’ ਸੁਣਾਇਆ। ਦੂਜੇ ਸੈਸ਼ਨ ਵਿੱਚ ਸਨਮਾਨ ਸਮਾਗਮ ਕਰਵਾਇਆ ਗਿਆ। ਇਸ ਮੌਕੇ ਇਲਾਕੇ ਦੀਆਂ ਪੰਜ ਨਾਮਵਰ ਸ਼ਖ਼ਸੀਅਤਾਂ ਦਾ ਵਿਸ਼ੇਸ਼ ਸਨਮਾਨ ਕੀਤਾ ਗਿਆ, ਜਿਨ੍ਹਾਂ ਵਿੱਚ ਕਵੀ ਜਗਦੇਵ ਸਿੰਘ ਘੁੰਗਰਾਲੀ, ਕਵੀ ਹਰਬੰਸ ਸਿੰਘ ਸ਼ਾਨ, ਤਸਵਿੰਦਰ ਸਿੰਘ ਵੜੈਚ, ਦੀਪ ਦਿਲਬਰ ਅਤੇ ਮਨਦੀਪ ਮਾਣਕੀ ਨੂੰ ਟਰਾਫੀ, ਨਕਦ ਰਾਸ਼ੀ ਅਤੇ ਕਿਤਾਬਾਂ ਦੇ ਸੈੱਟ ਭੇਟ ਕੀਤੇ ਗਏ।