ਲੁਧਿਆਣਾ (ਖੇਤਰੀ ਪ੍ਰਤੀਨਿਧ): ਪੰਜਾਬ ’ਚ ਚੱਲ ਰਹੀਆਂ ‘ਖੇਡਾਂ ਵਤਨ ਪੰਜਾਬ ਦੀਆਂ’ ਦੇ ਖੇਡ ਮੁਕਾਬਲਿਆਂ ਵਿੱਚ ਪੰਜਾਬ ਬਾਕਸਿੰਗ ਜਰਖੜ ਅਕੈਡਮੀ ਦੇ ਮੁੱਕੇਬਾਜ਼ਾਂ ਨੇ ਕੁੱਲ 11 ਤਗਮੇ ਆਪਣੀ ਝੋਲੀ ਵਿੱਚ ਪਾਏ ਹਨ। ਇਨ੍ਹਾਂ ਵਿੱਚ 3 ਸੋਨੇ, 2 ਚਾਂਦੀ ਅਤੇ 6 ਕਾਂਸੀ ਦੇ ਤਗਮੇ ਸ਼ਾਮਲ ਹਨ। ਮੁੱਕੇਬਾਜ਼ੀ ਦੇ ਖਤਮ ਹੋਏ ਮੁਕਾਬਲਿਆਂ ਵਿੱਚ ਅਕੈਡਮੀ ਦੇ ਸੁਖਜਿੰਦਰ ਸਿੰਘ ਜਰਖੜ ਨੇ 53 ਕਿਲੋਗ੍ਰਾਮ ਵਰਗ ਵਿੱਚ ਸੋਨੇ ਦਾ ਤਗਮਾ ਹਾਸਲ ਕੀਤਾ ਜਦਕਿ 49 ਕਿਲੋਗ੍ਰਾਮ ਵਰਗ ’ਚ ਅਕੈਡਮੀ ਦੇ ਹਰਜੋਤ ਸਿੰਘ ਜਰਖੜ ਨੇ ਚਾਂਦੀ ਦਾ ਤਗਮਾ ਜਿੱਤਿਆ। ਇਸ ਤੋਂ ਇਲਾਵਾ ਅੰਜਲੀ ਗੁਪਤਾ ਨੇ 45 ਕਿਲੋਗ੍ਰਾਮ ਵਰਗ ਵਿੱਚ ਸੋਨੇ ਦਾ ਤਗਮਾ ਜਿੱਤਿਆ। ਅੰਡਰ-14 ਸਾਲ ਵਿੱਚ ਤਰਜੋਤ ਸਿੰਘ ਨੇ ਸੋਨੇ ਦਾ ਤਗਮਾ ਜਿੱਤਿਆ। ਇਨ੍ਹਾਂ ਤੋਂ ਇਲਾਵਾ ਅਕੈਡਮੀ ਦੇ ਹੋਰ ਖਿਡਾਰੀਆਂ ਨੇ 6 ਕਾਂਸੀ ਦੇ ਤਗਮੇ ਵੀ ਹਾਸਲ ਕੀਤੇ ਹਨ। ਹਾਕੀ ਦੇ 4 ਵਰਗਾਂ ਵਿੱਚ ਜਰਖੜ ਹਾਕੀ ਅਕੈਡਮੀ ਤਗਮਾ ਜਿੱਤਣ ਵਿੱਚ ਕਾਮਯਾਬ ਰਹੀ। ਅੰਡਰ-14 ਵਰਗ ਵਿੱਚ ਜਰਖੜ ਅਕੈਡਮੀ ਨੇ ਸੋਨੇ ਦਾ ਤਗਮਾ, ਅੰਡਰ-21 ਵਿੱਚ ਚਾਂਦੀ ਅਤੇ ਅੰਡਰ-17 ਉਮਰ ਵਰਗ ਵਿੱਚ ਕਾਂਸੀ ਦਾ ਤਗਮਾ ਜਿੱਤਿਆ।