ਪੱਤਰ ਪ੍ਰੇਰਕ
ਦੋਰਾਹਾ, 13 ਮਾਰਚ
ਇਥੋਂ ਦੇ ਗੁਰੂ ਨਾਨਕ ਨੈਸ਼ਨਲ ਕਾਲਜ ਵਿੱਚ ਸੁਤੰਤਰਤਾ ਸੰਗਰਾਮ ਦਿਵਸ ਪ੍ਰਿੰਸੀਪਲ ਡਾ.ਨਰਿੰਦਰ ਸਿੰਘ ਸਿੱਧੂ ਦੀ ਅਗਵਾਈ ਹੇਠ ਮਨਾਇਆ ਗਿਆ। ਇਸ ਮੌਕੇ ਵਿਦਿਆਰਥੀਆਂ ਦੇ ਪੇਂਟਿੰਗ ਅਤੇ ਲੇਖ ਲਿਖਣ ਮੁਕਾਬਲੇ ਕਰਵਾਏ ਗਏ। ਇਸ ਮੌਕੇ ਵਿਦਿਆਰਥੀਆਂ ਨੇ ਆਜ਼ਾਦੀ ਸੰਘਰਸ਼ ਦੌਰਾਨ ਚਲਾਏ ਅੰਦੋਲਨਾਂ, ਆਜ਼ਾਦੀ ਘੁਲਾਟੀਆਂ ਦੇ ਯੋਗਦਾਨ, ਰਾਸ਼ਟਰ ਪ੍ਰੇਮ, ਸ਼ਾਂਤਮਈ ਸਹਿਯੋਗ, ਆਜ਼ਾਦੀ ਲਈ ਉਨ੍ਹਾਂ ਦੀ ਤਾਂਘ, ਦੇਸ਼ ਲਈ ਮਰ ਮਿਟਣ ਅਤੇ ਮਨੁੱਖਤਾ ਨੂੰ ਸਰਵ ਉੱਚ ਧਰਮ ਮੰਨ ਕੇ ਅਨੇਕਤਾ ਵਿਚ ਏਕਤਾ ਦੇ ਤੱਤ ਨਾਲ ਜੁੜੀਆਂ ਪੇਂਟਿੰਗਾਂ ਬਣਾਈਆਂ। ਮੁਕਾਬਲੇ ਵਿੱਚ ਹਰਦੀਪ ਕੌਰ ਨੇ ਪਹਿਲਾ, ਸਿਮਰਨਜੀਤ ਕੌਰ ਤੇ ਹਰਮਿੰਦਰ ਕੌਰ ਨੇ ਦੂਜਾ ਅਤੇ ਸੁਖਵਿੰਦਰ ਕੌਰ ਤੇ ਨੈਨਸੀ ਨੇ ਤੀਜਾ ਸਥਾਨ ਪ੍ਰਾਪਤ ਕੀਤਾ। ਲੇਖ ਲਿਖਣ ਮੁਕਾਬਲੇ ਵਿਚ ਵਿਦਿਆਰਥੀਆਂ ਨੇ ਆਜ਼ਾਦੀ ਸੰਘਰਸ਼ ’ਚ ਪੰਜਾਬੀਅਤ ਤੇ ਪੰਜਾਬੀਆਂ ਦਾ ਯੋਗਦਾਨ, ਸੰਘਰਸ਼ ਦੀ ਵਿਰਾਸਤ ਤੇ ਇਸ ਨੂੰ ਸੰਭਾਲਣ ’ਚ ਨੌਜਵਾਨਾਂ ਦੀ ਭੂਮਿਕਾ, ਸੁਤੰਤਰਤਾ ਸੰਗਰਾਮ ਦੇ ਸੁਪਨੇ ਤੇ ਹਕੀਕਤ ਆਦਿ ਵਿਸ਼ਿਆਂ ਸਬੰਧੀ ਆਪਣੇ ਵਿਚਾਰ ਪ੍ਰਗਟ ਕੀਤੇ। ਇਸ ਮੌਕੇ ਲੜਕਿਆਂ ਦੀ ਐੱਨਐੱਸਐੱਸ ਯੂਨਿਟ ਇੰਚਾਰਜ ਡਾ.ਸੋਮਪਾਲ ਹੀਰਾ ਵੱਲੋਂ ਸੁਤੰਤਰਤਾ ਦਿਵਸ ਮਨਾਉਂਦਿਆਂ ਵੱਖ ਵੱਖ ਪਿੰਡਾਂ ਵਿਚ ਕਿਸਾਨੀ ਸੰਘਰਸ਼ ਨੂੰ ਸਮਰਪਿਤ ਨੁੱਕੜ ਨਾਟਕ ਪੇਸ਼ ਕਰਦਿਆਂ ਵਿਦਿਆਰਥੀਆਂ ਤੇ ਆਮ ਲੋਕਾਂ ਨੂੰ ਸੰਘਰਸ਼ ਪ੍ਰਤੀ ਚੇਤੰਨ ਕੀਤਾ। ਇਸ ਮੌਕੇ ਡਾ.ਲਵਲੀਨ ਬੈਂਸ, ਪ੍ਰੋ.ਅਮਨਦੀਪ ਕੌਰ, ਕੁਲਵਿੰਦਰ ਕੌਰ, ਪ੍ਰੋ.ਦੀਪਾਲੀ, ਗੁਰਪ੍ਰੀਤ ਸਿੰਘ, ਸੁਮਨਦੀਪ ਕੌਰ, ਮਨਦੀਪ ਕੌਰ ਨੇ ਕਿਹਾ ਕਿ ਜਿੱਥੇ ਅਜ਼ਾਦੀ ਦੀ ਇਕ ਜੰਗ ਜਿੱਤੀ ਹੈ, ਉੱਥੇ ਅਗਲਾ ਸੰਘਰਸ਼ ਅਜੇ ਜਾਰੀ ਹੈ।