ਪੱਤਰ ਪ੍ਰੇਰਕ
ਸਮਰਾਲਾ, 26 ਅਗਸਤ
ਵਾਤਾਵਰਨ ਦੀ ਸੰਭਾਲ ਲਈ ਲੰਬੇ ਸਮੇਂ ਤੋਂ ਜੁਟੀ ਸੰਸਥਾ ਹਾਕੀ ਕਲੱਬ ਸਮਰਾਲਾ ਵੱਲੋਂ ਵਿਰਾਸਤੀ ਬੂਟਿਆਂ ਦਾ ਦੂਜਾ ਜੰਗਲ ਪਿੰਡ ਭੰਗਲਾਂ ਦੀ ਪੰਚਾਇਤੀ ਜ਼ਮੀਨ ਵਿੱਚ ਲਗਾਇਆ ਗਿਆ। ਇਸ ਮੌਕੇ ਰਾਊਂਡ ਗਲਾਸ ਫਾਊਂਡੇਸ਼ਨ ਅਤੇ ਗਰਾਮ ਪੰਚਾਇਤ ਨੇ ਮਿਲ ਕੇ ਕਰੀਬ 900 ਵੱਖ-ਵੱਖ ਤਰ੍ਹਾਂ ਦੇ ਵਿਰਾਸਤੀ ਬੂਟੇ, ਜਿਨ੍ਹਾਂ ਵਿੱਚ ਵਣ, ਰਹੂੜਾ, ਬਰਨਾ, ਫਲਾਹੀ, ਢੱਕ, ਕਿੱਕਰ, ਬੇਰੀ, ਗੁੱਲਰ, ਪਿੱਪਲ, ਜੰਗਲ ਜਲੇਬੀ, ਬੋਹੜ ਅਤੇ ਪਿਲਕਣ ਸਮੇਤ ਫਲਾਂ ਵਾਲੇ ਕਰੀਬ 70 ਕਿਸਮਾਂ ਦੇ ਬੂਟੇ ਲਗਾਏ ਗਏ। ਇਸ ਮੌਕੇ ਮੁੱਖ ਮਹਿਮਾਨ ਸੰਬੋਧਨ ਕਰਦਿਆਂ ਡੀਆਈਜੀ ਗੁਰਪ੍ਰੀਤ ਸਿੰਘ ਗਿੱਲ ਨੇ ਕਿਹਾ ਕਿ ਅੱਜ ਦੇ ਸਮੇਂ ਵਿੱਚ ਕੇਵਲ ਬੂਟੇ ਲਾਉਣਾ ਹੀ ਕਾਫੀ ਨਹੀਂ ਹੈ, ਬਲਕਿ ਹਰੇਕ ਇਨਸਾਨ ਦਾ ਫਰਜ਼ ਬਣਦਾ ਹੈ ਕਿ ਉਹ ਇਨ੍ਹਾਂ ਦਾ ਪਾਲਣ ਪੋਸ਼ਣ ਵੀ ਕਰੇ। ਉਨ੍ਹਾਂ ਕਿਹਾ ਕਿ ਲਜਿਹੇ ਜੰਗਲ ਪਿੰਡ-ਪਿੰਡ ਲੱਗਣੇ ਚਾਹੀਦੇ ਹਨ। ਹਾਕੀ ਕਲੱਬ ਸਮਰਾਲਾ ਦੇ ਪ੍ਰਧਾਨ ਗੁਰਪ੍ਰੀਤ ਸਿੰਘ ਬੇਦੀ ਨੇ ਕਿਹਾ ਕਿ ਪਿਛਲੇ ਸਾਲਾਂ ਦੌਰਾਨ ਪੰਜਾਬ ਅੰਦਰ ਸੜਕਾਂ ਦੇ ਵਿਕਾਸ ਦੇ ਨਾਂ ’ਤੇ ਹਜ਼ਾਰਾਂ ਦਰੱਖਤਾਂ ਦੀ ਬਲੀ ਦਿੱਤੀ ਜਾ ਚੁੱਕੀ ਹੈ ਪਰ ਨਵੇਂ ਬੂਟੇ ਲਗਾਉਣ ਲਈ ਨਾ ਹੀ ਸਮੇਂ ਦੀਆਂ ਸਰਕਾਰਾਂ ਸੰਜੀਦਾ ਹਨ ਅਤੇ ਨਾ ਹੀ ਆਮ ਲੋਕ ਸੋਚ ਰਹੇ ਹਨ। ਉਨ੍ਹਾਂ ਕਿਹਾ ਕਿ ਪਿੰਡਾਂ ਦੀਆਂ ਪੰਚਾਇਤਾਂ ਖਾਲੀ ਪਈਆਂ ਪੰਚਾਇਤੀ ਜ਼ਮੀਨਾਂ ’ਤੇ ਵੱਧ ਤੋਂ ਵੱਧ ਬੂਟੇ ਲਗਾਉਣ। ਅਜਿਹੇ ਜੰਗਲ ਪੰਛੀਆਂ ਲਈ ਅਤੇ ਵਾਤਾਵਰਨ ਲਈ ਬਹੁਤ ਲਾਹੇਵੰਦ ਸਾਬਤ ਹੋਣਗੇ।