ਜੋਗਿੰਦਰ ਸਿੰਘ ਓਬਰਾਏ
ਖੰਨਾ, 26 ਅਗਸਤ
ਅੱਜ ਇਥੋਂ ਦੇ ਨੇੜਲੇ ਪਿੰਡ ਬੁੱਲ੍ਹੇਪੁਰ ਦੇ ਸਰਕਾਰੀ ਹਾਈ ਸਕੂਲ ਵਿੱਚ ਵਣ ਵਿਭਾਗ ਤੇ ਅਧਿਆਪਕਾਂ ਨੇ ਵਿਦਿਆਰਥੀਆਂ ਨਾਲ ਮਿਲ ਕੇ ਵਣਮਹਾ ਉਤਸਵ ਮਨਾਇਆ। ਇਸ ਮੌਕੇ ਮੁੱਖ ਮਹਿਮਾਨ ਵਜੋਂ ਪੁੱਜੇ ਸ਼੍ਰੋਮਣੀ ਅਕਾਲੀ ਦਲ ਵਰਕਿੰਗ ਕਮੇਟੀ ਮੈਂਬਰ ਯਾਦਵਿੰਦਰ ਸਿੰਘ ਯਾਦੂ ਤੇ ਜੰਗਲਾਤ ਅਫ਼ਸਰ ਸੁਰਿੰਦਰ ਸਿੰਘ ਨੇ ਬੂਟੇ ਲਾਉਂਦਿਆਂ ਵਾਤਾਵਰਨ ਸੰਭਾਲ ਲਈ ਵਿਦਿਆਰਥੀਆਂ ਨੂੰ ਵੱਧ ਵੱਧ ਰੁੱਖ ਲਾਉਣ ਲਈ ਪ੍ਰੇਰਿਤ ਕੀਤਾ। ਯਾਦੂ ਨੇ ਕਿਹਾ ਕਿ ਅੱਜ ਮਨੁੱਖ ਦੀਆਂ ਗਲਤੀਆਂ ਤੇ ਨਿੱਜੀ ਸੁੱਖ ਸਹੂਲਤ ਲਈ ਕੀਤੇ ਕਾਰਜਾਂ ਨਾਲ ਵਾਤਾਵਰਣ ਪਲੀਤ ਹੋ ਗਿਆ ਹੈ, ਜਿਸ ਨੂੰ ਬਚਾਉਣ ਲਈ ਹਰ ਵਿਅਕਤੀ ਨੂੰ ਯੋਗਦਾਨ ਪਾਉਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਹਰ ਵਿਅਕਤੀ ਇਕ ਇਕ ਪੌਦਾ ਲਾ ਕੇ ਉਸਦੀ ਸੇਵਾ ਸੰਭਾਲ ਕਰੇ ਤਾਂ ਜੋ ਗੰਧਲੇ ਹੋ ਰਹੇ ਵਾਤਾਵਰਣ ਨੂੰ ਸਾਫ਼ ਕੀਤਾ ਜਾ ਸਕੇ ਅਤੇ ਫੈਲ ਰਹੀਆਂ ਭਿਆਨਕ ਬਿਮਾਰੀਆਂ ਤੋਂ ਛੁਟਕਾਰਾ ਮਿਲੇ। ਇਸ ਮੌਕੇ ਪ੍ਰਿੰਸੀਪਲ ਰਾਜ ਕੁਮਾਰ, ਸਰਪੰਚ ਗੁਰਮੀਤ ਸਿੰਘ, ਧਰਮਿੰਦਰ ਸਿੰਘ, ਅਨਵਰ ਖਾਨ, ਹਰਵਿੰਦਰ ਸਿੰਘ, ਨਵਨੀਤ ਚੋਪੜਾ, ਸੁਨੀਤਾ ਬਾਲੀ, ਮੱਖਣ ਸਿੰਘ ਆਦਿ ਹਾਜ਼ਰ ਸਨ।
ਐੱਸਡੀਐੱਮ ਦਫ਼ਤਰ ਵਿੱਚ ਬੂਟੇ ਲਾਏ
ਸਮਰਾਲਾ(ਪੱਤਰ ਪ੍ਰੇਰਕ): ਇਥੇ ਗੁਰੂ ਤੇਗ ਬਹਾਦਰ ਜੀ ਦੇ 400ਵੇਂ ਪ੍ਰਕਾਸ਼ ਉਤਸਵ ਨੂੰ ਸਮਰਪਿਤ 71ਵਾਂ ਰਾਜ ਪੱਧਰੀ ਵਣ ਮਹਾਉਤਸਵ ਐੱਸਡੀਐੱਮ ਸਮਰਾਲਾ ਵਿਕਰਮਜੀਤ ਸਿੰਘ ਪਾਂਥੇ ਵੱਲੋਂ ਉਨ੍ਹਾਂ ਦੇ ਦਫਤਰ ਵਿੱਚ ਪੌਦੇ ਲਗਾ ਕੇ ਮਨਾਇਆ ਗਿਆ। ਇਸ ਸਬੰਧੀ ਐੱਸਡੀਐੱਮ ਵੱਲੋਂ ਸਬ-ਡਿਵੀਜ਼ਨ ਸਮਰਾਲਾ ਦੇ ਸਮੂਹ ਨਿਵਾਸੀਆਂ ਨੂੰ ਪੌਦੇ ਲਗਾਉਣ ਦੀ ਅਪੀਲ ਕੀਤੀ ਗਈ ਤਾਂ ਜੋ ਹਰੇ ਭਰੇ ਅਤੇ ਤੰਦਰੁਸਤ ਪੰਜਾਬ ਦੀ ਸਿਰਜਣਾ ਕੀਤੀ ਜਾ ਸਕੇ। ਇਸ ਮੌਕੇ ਵਣ ਰੇਂਜ ਅਫਸਰ ਸੁੱਖਪਾਲ ਸਿੰਘ, ਬਲਾਕ ਅਫਸਰ ਕੁਲਵਿੰਦਰ ਸਿੰਘ, ਵਣ ਗਾਰਡ ਜਸਵੀਰ ਸਿੰਘ, ਭਾਗ ਸਿੰਘ , ਏਕਮ ਸਿੰਘ, ਸਰਬਜੀਤ ਕੌਰ , ਰੀਗਨ ਗੁਪਤਾ ਰੀਡਰ, ਰਣਜੀਤ ਸਿੰਘ , ਹਰਦੀਪ ਸਿੰਘ, ਪ੍ਰਦੀਪ ਕੌਰ ਸਟੈਨੋ, ਰਾਜਵੀਰ ਕੌਰ ਆਦਿ ਹਾਜ਼ਰ ਸਨ।