ਖੇਤਰੀ ਪ੍ਰਤੀਨਿਧ
ਲੁਧਿਆਣਾ, 18 ਅਕਤੂਬਰ
ਸਿੱਖਿਆ ਵਿਭਾਗ ਵਿੱਚ ਪਿਛਲੇ ਲਗਭਗ 10 ਸਾਲਾਂ ਤੋਂ ਕੰਮ ਕਰ ਰਹੇ ਓਡੀਐੱਲ ਅਧਿਆਪਕਾਂ ਦੇ ਰੈਗੂਲਰ ਆਰਡਰ ਜਾਰੀ ਕਰਨ ਅਤੇ 180 ਈਟੀਟੀ ਅਧਿਆਪਕਾਂ ਉੱਤੇ ਜਬਰੀ ਥੋਪੇ ਕੇਂਦਰੀ ਤਨਖਾਹ ਸਕੇਲ ਵਾਪਸ ਲੈ ਕੇ ਮੁੱਢਲੀ ਭਰਤੀ ਦੇ ਸਾਰੇ ਲਾਭ ਬਹਾਲ ਕਰਨ ਦੀ ਮੰਗ ਸਬੰਧੀ ਜਥੇਬੰਦੀਆਂ ਨਾਲ ਹੋਈ ਮੀਟਿੰਗ ਵਿੱਚ ਸਿੱਖਿਆ ਮੰਤਰੀ ਵੱਲੋਂ ਕੋਈ ਤਵੱਜੋਂ ਨਾ ਦੇਣ ਅਤੇ ਠੋਸ ਹੱਲ ਪੇਸ਼ ਕਰਨ ਦੀ ਬਜਾਏ ਅਧਿਆਪਕ ਜਥੇਬੰਦੀਆਂ ਨੂੰ ਕਥਿਤ ਤੌਰ ’ਤੇ ਧਰਨੇ ਨਾ ਦੇਣ ਦੀ ਧਮਕੀ ਦਿੱਤੀ ਗਈ ਸੀ। ਸਿੱਖਿਆ ਮੰਤਰੀ ਦੇ ਇਸ ਤਾਨਾਸ਼ਾਹੀ ਰਵੱਈਏ ਖ਼ਿਲਾਫ਼ ਪੰਜਾਬ ਦੇ ਨੌਂ ਕੈਬਨਿਟ ਮੰਤਰੀਆਂ ਦੇ ਘਰ ਮੂਹਰੇ ਪੰਜਾਬ ਸਰਕਾਰ ਦੀਆਂ ਅਰਥੀਆਂ ਫੂਕਣ ਦੇ ਸੱਦੇ ਨੂੰ ਲਾਗੂ ਕਰਨ ਸਬੰਧੀ ਅੱਜ ਲੁਧਿਆਣਾ ਦੀ ਆਗੂ ਟੀਮ ਦੀ ਮੀਟਿੰਗ ਡੀਸੀ ਦਫ਼ਤਰ ਵਿਖੇ ਸੁਰਿੰਦਰ ਸ਼ਰਮਾ ਦੀ ਪ੍ਰਧਾਨਗੀ ਹੇਠ ਹੋਈ। ਇਸ ਮੌਕੇ ਰਮਨਜੀਤ ਸਿੰਘ ਸੰਧੂ, ਸੁਖਵਿੰਦਰ ਸਿੰਘ ਲੀਲ੍ਹ, ਅਮਨਦੀਪ ਵਰਮਾ, ਗੁਰਮੀਤ ਸਿੰਘ ਧਨੋਆ, ਵਰਿੰਦਰ ਪਾਲ ਸਿੰਘ, ਨੀਰਜ ਵਰਮਾ, ਅਵਤਾਰ ਸਿੰਘ ਖਾਲਸਾ ਧਨੋਆ ਤੇ ਭਾਰਤ ਭੂਸ਼ਨ ਨੇ 23 ਅਕਤੂਬਰ ਨੂੰ ਕੈਬਨਿਟ ਮੰਤਰੀ ਮੀਤ ਹੇਅਰ ਦੇ ਘਰ ਅੱਗੇ ਬਰਨਾਲਾ ਵਿੱਚ ਅਰਥੀ ਫੂਕ ਮੁਜ਼ਾਹਰੇ ਦੀ ਤਿਆਰੀ ਬਾਰੇ ਚਰਚਾ ਕੀਤੀ।